ਮੋਗਾ: ਪੰਜਾਬ ਦੇ ਮੋਗਾ ‘ਚ ਬਦਮਾਸ਼ਾਂ ਦੇ ਹੌਸਲੇ ਕਾਫੀ ਬੁਲੰਦ ਹੋ ਗਏ ਹਨ। ਬਗੈਰ ਕਾਨੂੰਨ ਦੇ ਡਰ ਦੇ ਕੁਝ ਬਦਮਾਸ਼ਾਂ ਨੇ ਜ਼ਿਲ੍ਹਾ ਅਦਾਲਤ ਤੇ ਇੰਪਰੂਵਮੈਂਟ ਟਰੱਸਟ ਦੇ ਦਫਤਰ ਬਾਹਰ ਫਾਈਰਿੰਗ ਕੀਤੀ। ਇਸ ਦੇ ਨਾਲ ਇੱਥੇ ਦੋ ਧਿਰਾਂ ‘ਚ ਇੱਟਾਂ ਤੇ ਪੱਥਰ ਵੀ ਚੱਲੇ।


ਇਸ ਘਟਨਾ ਬਾਰੇ ਪ੍ਰਤਖਦਰਸ਼ੀਆਂ ਦਾ ਕਹਿਣਾ ਹੈ ਕਿ ਬਦਮਾਸ਼ ਸਕੋਰਪੀਓ ਗੱਡੀ ‘ਚ ਆਏ ਸੀ ਤੇ ਫਾਈਰਿੰਗ ਕਰਨ ਤੋਂ ਬਾਅਦ ਭੱਜਣ ‘ਚ ਵੀ ਕਾਮਯਾਬ ਹੋ ਗਏ। ਲੋਕਾਂ ਦਾ ਕਹਿਣਾ ਹੈ ਕਿ ਬਦਮਾਸ਼ਾਂ ਨੇ ਚਾਰ ਫਾਇਰ ਦਾਗੇ।


ਉਧਰ ਜਿਸ ਨੌਜਵਾਨ ‘ਤੇ ਹਮਲਾ ਹੋਇਆ ਹੈ, ਉਸ ਦਾ ਕਹਿਣਾ ਹੈ ਕਿ ਕੁਝ ਅਣਪਛਾਤੇ ਲੋਕ ਸਕੋਰਪੀਓ ‘ਚ ਆਏ ਤੇ ਆਉਂਦੇ ਹੀ ਉਨ੍ਹਾਂ ਵੱਲੋਂ ਤੋੜਭੰਨ ਸ਼ੁਰੂ ਕਰ ਦਿੱਤੀ ਗਈ। ਪੀੜਤ ਨੌਜਵਾਨ ਕਿਸੇ ਕੇਸ ਦੀ ਪੇਸ਼ੀ ਲਈ ਜ਼ਿਲ੍ਹਾ ਅਦਾਲਤ ‘ਚ ਆਇਆ ਸੀ। ਨੌਜਵਾਨ ਨੇ ਚਾਰ ਲੋਕਾਂ ਦੀ ਪਛਾਣ ਕੀਤੀ ਹੈ ਜੋ ਮੋਗਾ ਦੇ ਹੀ ਰਹਿਣ ਵਾਲੇ ਹਨ।


ਮੋਗਾ ਦੇ ਐਸਐਸਪੀ ਅਮਰਜੀਤ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਫਾਈਰਿੰਗ ਤੇ ਤੋੜਭੰਨ ਕੀਤੀ ਗਈ ਹੈ, ਉਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਨਾਲ ਹੀ ਹਮਲੇ ‘ਚ ਜ਼ਖ਼ਮੀ ਦੋ ਵਿਅਕਤੀਆਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ। ਪੁਲਿਸ ਵੱਲੋਂ ਜਾਂਚ ਕੀਤੀ ਤਾਂ ਜਾ ਰਹੀ ਹੈ ਪਰ ਅਜੇ ਤਕ ਕਾਮਯਾਬੀ ਪੁਲਿਸ ਦੇ ਹੱਥ ਨਹੀਂ ਲੱਗੀ।