ਚੰਡੀਗੜ੍ਹ: ਅਨਾਥ ਆਸ਼ਰਮਾਂ ਦੇ ਬੱਚਿਆਂ ਨੂੰ ਘਰ ਬੁਲਾ ਕੇ ਮਾਣ ਦੇਣ ਵਾਲੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੇ ਹੁਣ ਇੱਕ ਦਿਨ ਲਈ ਆਪਣੀ ਕੁਰਸੀ ਦਾ ਕਾਰਜਭਾਰ ਦਸਵੀਂ ਦੀ ਟੌਪਰ ਵਿਦਿਆਰਥਣ ਅਨਮੋਲ ਬੇਰੀ ਨੂੰ ਦੇ ਦਿੱਤਾ। ਸਕੂਲਾਂ ਦੇ ਦੌਰੇ ਦੌਰਾਨ ਜਦੋਂ ਡਿਪਟੀ ਕਮਿਸ਼ਨਰ ਚੰਦਰ ਗੈਂਦ ਆਰਐਸਡੀ ਰਾਜ ਰਤਨ ਸਕੂਲ ਪਹੁੰਚੇ ਤਾਂ ਆਦਮ-ਕੱਦ ਤੋਂ ਛੋਟੀ ਤੇ ਸਰੀਰਕ ਪੱਖੋਂ ਕਮਜ਼ੋਰ ਲੜਕੀ ਅਨਮੋਲ ਤੇ 10ਵੀਂ ਵਿੱਚੋਂ ਟੌਪਰ ਨੂੰ ਉਸ ਦੀ ਦਿਲੀ ਖਾਹਿਸ਼ ਪੁੱਛੀ। ਉਹ ਆਈਏਐਸ ਬਣ ਕੇ ਡੀਸੀ ਵਜੋਂ ਸੇਵਾਵਾਂ ਨਿਭਾਉਣਾ ਚਾਹੁੰਦੀ ਸੀ। ਇਸ ਲਈ ਚੰਦਰ ਗੈਂਦ ਨੇ ਇੱਕ ਦਿਨ ਲਈ ਉਸ ਨੂੰ ਡੀਸੀ ਬਣਾ ਕੇ ਉਸ ਦਾ ਸੁਪਨਾ ਪੂਰਾ ਕਰ ਦਿੱਤਾ। ਲੜਕੀ ਅੱਜ ਜ਼ਿਲ੍ਹਾ ਕੁਲੈਕਟਰ ਦੀ ਕੁਰਸੀ `ਤੇ ਬੈਠ ਕੰਮ ਕਰਦੀ ਦਿਖਾਈ ਦਿੱਤੀ।
ਇੱਕ ਦਿਨ ਦੀ ਡਿਪਟੀ ਕਮਿਸ਼ਨਰ ਅਨਮੋਲ ਲੜਕੀ ਨੇ ਦੱਸਿਆ ਕਿ ਉਸ ਦੀ ਦਿਲੀ ਖ਼ਾਹਿਸ਼ ਸੀ ਕਿ ਉਹ ਆਈਏਐਸ ਕਰਕੇ ਡਿਪਟੀ ਕਮਿਸ਼ਨਰ ਬਣੇ। ਦਸਵੀਂ ਪਾਸ ਕਰਦਿਆਂ ਹੀ ਉਸ ਦੀ ਇਹ ਖ਼ਾਹਿਸ਼ ਡੀਸੀ ਚੰਦਰ ਗੈਂਦ ਨੇ ਪੂਰੀ ਕਰ ਦਿੱਤੀ ਹੈ। ਉਸ ਨੇ ਕਿਹਾ ਕਿ ਜਲਦ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਆਈਏਐਸ ਪਾਸ ਕਰੇਗੀ ਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰੇਗੀ। ਉਸ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੇ ਨਾਲ-ਨਾਲ ਆਪਣੇ ਸਕੂਲ ਦੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ।
ਅਨਮੋਲ ਦਾ ਕੱਦ ਦੋ ਫੁੱਟ 8 ਇੰਚ ਹੈ। ਉਸ ਦੀ ਸ਼ਲਾਘਾ ਕਰਦਿਆਂ ਗੈਂਦ ਨੇ ਕਿਹਾ ਕਿ ਕਮਜ਼ੋਰੀ ਕਰਕੇ ਸ਼ਾਇਦ ਲੜਕੀ ਦਾ ਸੁਪਨਾ ਪੂਰਾ ਹੋਣ ਵਿਚ ਕੋਈ ਅੜਿੱਕਾ ਆਵੇ, ਪਰ ਉਨ੍ਹਾਂ ਉਸ ਦੀ ਕਾਬਲੀਅਤ ਤੇ ਬੁਲੰਦ ਹੌਂਸਲੇ ਨੂੰ ਸਲਾਮ ਕਰਦਿਆਂ ਅਜਿਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਇੱਕ ਲੜਕੀ ਇਕ ਦਿਨ ਦੀ ਡੀਸੀ ਬਣ ਕੇ ਕਿਸੇ ਮੁਕਾਮ `ਤੇ ਪਹੁੰਚ ਜਾਵੇ ਤਾਂ ਇਹ ਵੱਡੀ ਕਾਮਯਾਬੀ ਹੋਵੇਗੀ।
ਅਨਮੋਲ ਦੇ ਪਰਿਵਾਰਕ ਮੈਂਬਰਾਂ ਨੇ ਆਪਣੀ ਲੜਕੀ `ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਸ ਦੀ ਕਾਬਲੀਅਤ ਸਦਕਾ ਉਨ੍ਹਾਂ ਨੂੰ ਹਰ ਥਾਂ ਤੋਂ ਮਾਣ ਮਿਲਆ ਹੈ। ਉਨ੍ਹਾਂ ਕਿਹਾ ਕਿ ਉਹ ਜਦੋਂ ਕਿਸੇ ਧਾਰਮਿਕ ਸਥਾਨ 'ਤੇ ਵੀ ਜਾਂਦੇ ਹਨ ਤਾਂ ਮਜ਼ਾਕ ਕਰਨ ਵਾਲੇ ਲੋਕ ਉਸ ਨਾਲ ਗੱਲ ਕਰਕੇ ਗਦ-ਗਦ ਕਰ ਉੱਠਦੇ ਹਨ, ਜਿਸ ਨਾਲ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਆਪਣੀ ਲੜਕੀ ਦੇ ਇੱਕ ਦਿਨ ਦੀ ਡੀਸੀ ਬਣਨ `ਤੇ ਖੁਸ਼ੀ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਮਿਸਾਲ ਸਾਬਤ ਹੋਏਗਾ।