ਅੰਮ੍ਰਿਤਸਰ: ਤਹਿਸੀਲ ਅਜਨਾਲਾ ਦੇ ਪਿੰਡ ਚੋਗਾਵਾਂ ਦੇ ਇੱਕ ਘਰ ਵਿੱਚ ਛਾਪਾ ਮਾਰਨ ਗਈ ਪੁਲਿਸ ਨੂੰ ਪਰਿਵਾਰ ਨੇ ਕੁਟਾਪਾ ਚਾੜ੍ਹ ਦਿੱਤਾ। ਪੁਲਿਸ ਦੇ ਸਬ ਇੰਸਪੈਕਟਰ ਦੀ ਵਰਦੀ ਪਾੜ ਦਿੱਤੀ। ਹਾਲਾਂਕਿ ਉਨ੍ਹਾਂ ਨਾਲ ਆਏ ਬਾਕੀ ਪੁਲਿਸ ਮੁਲਾਜ਼ਮ ਆਪਣੀ ਜਾਨ ਬਚਾ ਕੇ ਉੱਥੋਂ ਫਰਾਰ ਹੋ ਗਏ। ਫਿਲਹਾਲ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਛਾਪਾ ਮਾਰਨ ਗਏ ਇੰਸਪੈਕਟਰ ਝਿਲਮਿਲ ਸਿੰਘ ਤੇ ਸਬ ਇੰਸਪੈਕਟਰ ਬਲਦੇਵ ਸਿੰਘ ਨੂੰ ਪਰਿਵਾਰ ਨੇ ਫੜ ਲਿਆ ਉਨ੍ਹਾਂ ਨੂੰ ਖੂਬ ਕੁਟਾਪਾ ਚਾੜ੍ਹਿਆ। ਲੱਤਾਂ-ਮੁੱਕਿਆਂ ਨਾਲ ਕੁੱਟਮਾਰ ਕਰਨ ਤੋਂ ਬਾਅਦ ਪਰਿਵਾਰ ਨੇ ਸਬ ਇੰਸਪੈਕਟਰ ਨੂੰ ਬੰਧਕ ਬਣਾ ਲਿਆ।
ਪੁਲਿਸ ਇੰਸਪੈਕਟਰ ਝਿਲਮਿਲ ਸਿੰਘ ਮੁਤਾਬਕ ਉਨ੍ਹਾਂ ਨੂੰ ਨਸ਼ੇ ਸਬੰਧੀ ਸੂਚਨਾ ਮਿਲੀ ਸੀ। ਇਸ ਪਿੱਛੋਂ ਉਹ ਤੁਰੰਤ ਉੱਥੇ ਪਹੁੰਚੇ ਪਰ ਉਲਟਾ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਪੁਲਿਸ ਨੂੰ ਜਾਨ ਬਚਾਉਣ ਲਈ ਭੱਜਣਾ ਪਿਆ। ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਏਗੀ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ।
ਉੱਧਰ ਪਰਿਵਾਰ ਨੇ ਕਿਹਾ ਹੈ ਕਿ ਪੁਲਿਸ ਉਨ੍ਹਾਂ 'ਤੇ ਕਾਂਗਰਸ ਪਾਰਟੀ ਦਾ ਹੱਥ ਫੜਨ ਲਈ ਦਬਾਅ ਪਾ ਰਹੀ ਹੈ ਤੇ ਵਾਰ-ਵਾਰ ਉਨ੍ਹਾਂ ਘਰ ਰੇਡ ਕੀਤੀ ਜਾ ਰਹੀ ਹੈ। ਉਹ ਇਸ ਤੋਂ ਪ੍ਰੇਸ਼ਾਨ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ 'ਤੇ ਨਸ਼ਾ ਵੇਚਣ ਦਾ ਝੂਠਾ ਇਲਜ਼ਾਮ ਲਾ ਰਹੀ ਹੈ। ਇਸ ਬਾਰੇ ਪਿੰਡ ਵਾਲਿਆਂ ਦਾ ਵੀ ਇਹੀ ਕਹਿਣਾ ਹੈ ਕਿ ਪੁਲਿਸ ਸਿਆਸੀ ਰੰਜ਼ਿਸ਼ ਦੇ ਤਹਿਤ ਪਰਿਵਾਰ ਨਾਲ ਧੱਕੇਸ਼ਾਹੀ ਕਰ ਰਹੀ ਹੈ ਜਿਸ ਦੀ ਜਾਂਚ ਹੋਣੀ ਲਾਜ਼ਮੀ ਹੈ।