ਪੇਕੇ ਆਈ ਲੜਕੀ ਦੇ ਕਤਲ ਕੇਸ 'ਚ ਫਿਰੋਜ਼ਪੁਰ ਪਹੁੰਚੀ ਆਸਟ੍ਰੇਲੀਆ ਦੀ ਟੀਮ
ਏਬੀਪੀ ਸਾਂਝਾ | 03 Apr 2019 05:36 PM (IST)
ਮ੍ਰਿਤਕਾ ਦੀ ਪਤੀ ਨਾਲ ਪੁਰਾਣੀ ਤਸਵੀਰ
ਫ਼ਿਰੋਜ਼ਪੁਰ: ਆਸਟ੍ਰੇਲੀਆ ਵਿੱਚ ਵਿਆਹ ਹੋਣ ਪਿੱਛੋਂ ਆਪਣੇ ਪੇਕੇ ਘਰ ਆਈ ਲੜਕੀ ਦੇ ਕਤਲ ਸਬੰਧੀ ਆਸਟ੍ਰੇਲੀਆ ਹਾਈ ਕਮਿਸ਼ਨਰ ਦੀ ਟੀਮ ਨੇ ਫ਼ਿਰੋਜ਼ਪੁਰ ਪੁੱਜ ਕੇ ਪੁਲਿਸ ਪ੍ਰਸ਼ਾਸਨ ਨਾਲ ਗੁਪਤ ਮੀਟਿੰਗ ਕੀਤੀ। ਫ਼ਿਰੋਜ਼ਪੁਰ ਪੁਲਿਸ ਨੇ ਕਤਲ ਦੇ ਕੁਝ ਘੰਟਿਆਂ ਵਿੱਚ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਸੀ। ਇਸ ਦੇ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਸਟ੍ਰੇਲੀਆ ਸਰਕਾਰ ਨਾਲ ਲਿਖਤੀ ਕਾਰਵਾਈ ਵੀ ਕੀਤੀ ਜਾ ਰਹੀ ਸੀ। ਫ਼ਿਰੋਜ਼ਪੁਰ ਪੁੱਜੀ ਆਸਟ੍ਰੇਲੀਆ ਹਾਈ ਕਮਿਸ਼ਨ ਦੀ ਟੀਮ ਨੇ ਪੁਲਿਸ ਅਧਿਕਾਰੀਆਂ ਨਾਲ ਮਾਮਲੇ ਨੂੰ ਸੁਲਝਾਉਣ ਲਈ ਵਿਉਂਤ ਬਣਾਈ ਤੇ ਸਾਰੇ ਮਾਮਲੇ ਸਬੰਧੀ ਜਾਣਕਾਰੀ ਇਕੱਤਰ ਕੀਤੀ। ਦਰਅਸਲ ਆਸਟ੍ਰੇਲੀਆ ਤੋਂ ਭਾਰਤ ਵਿੱਚ ਪੇਕੇ ਘਰ ਪੁੱਜੀ ਲੜਕੀ ਅਚਾਨਕ ਗਾਇਬ ਹੋ ਗਈ ਸੀ। 14 ਮਾਰਚ ਨੂੰ ਫ਼ਿਰੋਜ਼ਪੁਰ ਦੇ ਪਿੰਡ ਬੱਗੇ ਕੇ ਤੋਂ ਗਾਇਬ ਹੋਈ ਲੜਕੀ ਦੀ 26 ਮਾਰਚ ਨੂੰ ਲਾਸ਼ ਮਿਲੀ ਸੀ। ਇਸ ਉਪਰੰਤ ਪੁਲਿਸ ਨੇ ਮੋਬਾਈਲ ਆਦਿ ਤੋਂ ਮਿਲੀ ਜਾਣਕਾਰੀ ਦੇ ਆਧਾਰ `ਤੇ ਕਤਲ 'ਚ ਸ਼ਾਮਲ ਭਾਰਤੀ ਲੜਕੀ ਨੂੰ ਕਾਬੂ ਕਰ ਲਿਆ ਸੀ। ਜਦਕਿ ਵਿਦੇਸ਼ ਰਹਿੰਦੀ ਲੜਕੀ ਤੇ ਮ੍ਰਿਤਕ ਦੇ ਪਤੀ ਸਮੇਤ ਤਿੰਨਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ। ਦੂਜੇ ਦੋਵੇਂ ਮੁਲਜ਼ਮ ਆਸਟ੍ਰੇਲੀਆ ਦੇ ਹੋਣ ਕਰਕੇ ਉਨ੍ਹਾਂ 'ਤੇ ਕਾਰਵਾਈ ਨਾ ਹੋ ਸਕੀ। ਇਸ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੇ ਕਾਰਵਾਈ ਲਈ ਅੱਜ ਆਸਟ੍ਰੇਲੀਆ ਹਾਈ ਕਮਿਸ਼ਨ ਤੋਂ ਟੀਮ ਫ਼ਿਰੋਜ਼ਪੁਰ ਪੁੱਜੀ। ਅੱਜ ਕੇਸ ਨੂੰ ਸੁਲਝਾਉਣ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਵਿਉਂਤ ਬਣਾਈ ਗਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਲਦ ਬਾਕੀ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।