ਚੰਡੀਗੜ੍ਹ: ਕਾਂਗਰਸ ਨੇ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਡਾ. ਰਾਜ ਕੁਮਾਰ ਚੱਬੇਵਾਲ ਨੂੰ ਉਮੀਦਵਾਰ ਬਣਾਇਆ ਹੈ। ਟਿਕਟ ਮਿਲਣ ਤੋਂ ਬਾਅਦ ਡਾ. ਰਾਜ ਕੁਮਾਰ ਨੇ ਹੁਸ਼ਿਆਰਪੁਰ ਤੋਂ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੇ ਦੋ ਸਾਲ ਨੂੰ ਵੇਖ ਕੇ ਵੋਟ ਕਰਨਗੇ। ਉਨ੍ਹਾਂ ਕਿਹਾ ਉਹ ਕਾਂਗਰਸ ਦੇ ਚੋਣ ਮੈਨੀਫੈਸਟੋ ਮੁਤਾਬਕ ਵੋਟ ਮੰਗਣਗੇ। ਇਸ ਮੌਕੇ ਉਨ੍ਹਾਂ ਵਿਜੇ ਸਾਂਪਲਾ 'ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਸਾਂਪਲਾ ਨੇ ਆਪਣਾ ਇੱਕ ਵੀ ਵਾਅਦਾ ਵਫਾ ਨਹੀਂ ਕੀਤਾ।
'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਾਂਗਰਸੀ ਉਮੀਦਵਾਰ ਡਾ. ਰਾਜ ਕੁਮਾਰ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਜੁਮਲਿਆਂ ਦੀ ਸਰਕਾਰ ਸਾਬਤ ਹੋਈ ਹੈ। ਨੋਟਬੰਦੀ ਤੇ ਜੀਐਸਟੀ ਨੇ ਮੁਲਕ ਦੇ ਲੋਕਾਂ ਨੂੰ ਬੁਰੀ ਮਾਰ ਮਾਰੀ। ਕੇਂਦਰ ਵਿੱਚ ਭਾਵੇਂ ਸਾਰੇ ਵੱਖ-ਵੱਖ, ਪਰ ਮਕਸਦ ਇੱਕ ਹੀ ਹੈ। ਬੀਐਸਪੀ ਦਾ ਵੀ ਪੰਜਾਬ ਵਿੱਚ ਹੁਣ ਕੋਈ ਆਧਾਰ ਨਹੀਂ ਰਿਹਾ।
ਸਾਂਪਲਾ 'ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਂਪਲਾ ਦੇ ਗੋਦ ਲਏ ਪਿੰਡ ਦਾ ਵੀ ਕੁਝ ਨਹੀਂ ਬਣਿਆ। ਕਿਸਾਨਾਂ ਦੇ ਮੁੱਦੇ 'ਤੇ ਐਨਡੀਏ ਸਰਕਾਰ ਬੁਰੀ ਤਰਾਂ ਫੇਲ੍ਹ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਕਸਦ ਹੁਸ਼ਿਆਰਪੁਰ ਵਿੱਚ ਇੰਡਸਟਰੀ ਲੈ ਕੇ ਆਉਣਾ ਹੈ। ਆਮ ਆਦਮੀ ਪਾਰਟੀ ਬਾਰੇ ਤੰਜ ਕੱਸਦਿਆਂ ਡਾ. ਚੱਬੇਵਾਲ ਨੇ ਕਿਹਾ ਕਿ ਝਾੜੂ ਦਾ ਕੰਮ ਖਤਮ ਹੈ, ਝਾੜੂ ਹੁਣ ਤੀਲ੍ਹਾ-ਤੀਲ੍ਹਾ ਹੋ ਗਿਆ ਹੈ।