ਚੰਡੀਗੜ੍ਹ: ਕਾਂਗਰਸ ਨੇ ਦੇਰ ਰਾਤ ਲੋਕਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ, ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਤੇ ਸੁਬੋਧ ਕਾਂਤ ਸਹਾਏ ਦਾ ਨਾਂ ਸ਼ਾਮਲ ਹੈ। ਜ਼ਾਹਰ ਹੈ ਕਾਂਗਰਸ ਨੇ ਚੰਡੀਗੜ੍ਹ ਤੋਂ ਨਵਜੋਤ ਕੌਰ ਸਿੱਧੂ ਨੂੰ ਟਿਕਟ ਨਹੀਂ ਦਿੱਤੀ ਬਲਕਿ ਪੁਰਾਣੇ ਕਾਂਗਰਸ ਲੀਡਰ ਤੇ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਨੂੰ ਉਮੀਦਵਾਰ ਐਲਾਨ ਦਿੱਤਾ। ਹੁਣ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਤੇ ਪਾਰਟੀ ਵਿਚਾਲੇ ਫਸਦੇ ਨਜ਼ਰ ਆ ਰਹੇ ਹਨ।


ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ 2 ਮਹੀਨਿਆਂ, ਯਾਨੀ 26 ਜਨਵਰੀ ਤੋਂ ਹੀ ਚੰਡੀਗੜ੍ਹ ਸੀਟ ਉੱਤੇ ਰੋਜ਼ ਪ੍ਰਚਾਰ ਰੈਲੀਆਂ ਕਰ ਰਹੇ ਸਨ। ਪਿਚਲੇ ਦਿਨੀਂ ਉਨ੍ਹਾਂ ਨੇ ਬੜੇ ਆਤਮ ਵਿਸ਼ਵਾਸ ਨਾਲ ਕਿਹਾ ਸੀ ਕਿ ਚੰਡੀਗੜ੍ਹ ਤੋਂ ਉਨ੍ਹਾਂ ਨੂੰ ਹੀ ਟਿਕਟ ਮਿਲੇਗੀ। ਜੇ ਨਾ ਮਿਲੀ ਤਾਂ ਉਹ ਚੋਣਾਂ ਹੀ ਨਹੀਂ ਲੜਨਗੇ। ਹੁਣ ਸਿੱਧੂ ਦੀ ਪਾਰਟੀ ਨਾਲ ਨਰਾਜ਼ਗੀ ਵਧ ਸਕਦੀ ਹੈ। ਹਾਲਾਂਕਿ ਸਿੱਧੂ ਨੇ ਪੁਲਵਾਮਾ ਹਮਲੇ ਬਾਅਦ ਪਾਕਿਸਤਾਨ ਬਾਰੇ ਦਿੱਤੇ ਆਪਣੇ ਬਿਆਨ ਤੋਂ ਕਿਨਾਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਬਿਆਨ ਦਾ ਉਨ੍ਹਾਂ ਦੀ ਪਤਨੀ ਨੂੰ ਟਿਕਟ ਨਾ ਦਿੱਤੇ ਜਾਣ ਨਾਲ ਕੋਈ ਸਬੰਧ ਨਹੀਂ ਹੈ।

ਉੱਧਰ ਟਿਕਟ ਮਿਲਣ ਬਾਅਦ ਚੌਧਰੀ ਸੰਤੋਖ, ਰਵਨੀਤ ਬਿੱਟੂ, ਗੁਰਜੀਤ ਔਜਲਾ ਤੇ ਸੁਨੀਲ ਜਾਖੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਪਹੁੰਚੇ। ਉਨ੍ਹਾਂ ਕਪੂਰਥਲਾ ਹਾਊਸ ਪਹੁੰਚ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇੱਥੇ ਚੋਣਾਂ ਲਈ ਅਗਲੀ ਰਣਨੀਤੀ ਉਲੀਕੀ ਜਾਏਗੀ।