ਲੁਧਿਆਣਾ: ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਵਾਪਰੇ ਦੋ ਸੜਕੀ ਦੁਰਘਟਨਾਵਾਂ ਸਮੇਤ ਤਿੰਨ ਹਾਦਸਿਆਂ ਵਿੱਚ ਪੰਜ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਪਹਿਲਾ ਹਾਦਸਾ ਲੁਧਿਆਣਾ ਵਾਪਰਿਆ ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਦੇ ਖੰਭੇ ਨਾਲ ਟਕਰਾਅ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਤੇ ਦੂਜਾ ਮੋਗਾ ਵਿੱਚ ਵਾਪਰਿਆ। ਇਨ੍ਹਾਂ ਸੜਕ ਹਾਦਸਿਆਂ ਤੋਂ ਇਲਾਵਾ ਨਵਾਂਸ਼ਹਿਰ ਨੇੜੇ ਇੱਕ ਪੋਲਟਰੀ ਫਾਰਮ ਦੀ ਛੱਤ ਡਿੱਗਣ ਕਾਰਨ ਵੀ ਪਿਓ-ਪੁੱਤ ਦੀ ਮੌਤ ਹੋਣ ਤੇ ਮਾਂ-ਪੁੱਤ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਲੁਧਿਆਣਾ ਦੇ ਬਸਤੀ ਜੋਧੇਵਾਲਾ ਨੇੜੇ ਨਵੀਂ ਸਬਜ਼ੀ ਮੰਡੀ ਕੋਲ ਇੱਕ ਤੇਜ਼ ਰਫ਼ਤਾਰ ਟਾਟਾ ਨੈਕਸੋਨ ਕਾਰ ਸਮਰਾਲਾ ਚੌਕ ਤੋਂ ਜਲੰਧਰ ਬਾਈਪਾਸ ਵੱਲ ਜਾ ਰਹੀ ਸੀ ਤਾਂ ਸੰਤੁਲਨ ਵਿਗੜਨ ਕਾਰਨ ਸੜਕ 'ਤੇ ਲੱਗੇ ਹੋਏ ਖੰਭੇ ਨਾਲ ਟਕਰਾਅ ਗਈ। ਇਸ ਘਟਨਾ ਵਿੱਚ ਕਾਰ 'ਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਜ਼ਖ਼ਮੀ ਨੂੰ ਨੇੜਲੇ ਹਸਪਤਾਲ ਪਹੁੰਚਾ ਕੇ ਲਾਸ਼ਾਂ ਦੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ। ਉੱਧਰ, ਮੋਗਾ ਦੇ ਫੋਕਲ ਪੁਆਇੰਟ ਵਿੱਚ ਦੋ ਮੋਟਰ ਸਾਈਕਲਾਂ ਦੀ ਹੋਈ ਟੱਕਰ ਹੋ ਗਈ ਤੇ ਇੱਕ ਮੋਟਰਸਾਈਕਲ ਸਵਾਰ ਉੱਥੋਂ ਲੰਘ ਰਹੇ ਟਰੱਕ ਦੇ ਪਿਛਲੇ ਟਾਇਰ ਦੇ ਹੇਠਾਂ ਆ ਗਿਆ। ਉੱਪਰੋਂ ਟਰੱਕ ਲੰਘਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਸਾਰੀ ਘਟਨਾ ਨੇੜੇ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੋਵੇਂ ਘਟਨਾਵਾਂ ਵਿੱਚ ਫਿਲਹਾਲ ਮ੍ਰਿਤਕਾਂ ਦੀ ਸ਼ਨਾਖ਼ਤ ਹੋਣੀ ਬਾਕੀ ਹੈ।