ਹੁਣ ਚੰਡੀਗੜ੍ਹ ਤੋਂ ਹੀ ਚੜ੍ਹੋ ਥਾਈਲੈਂਡ ਦਾ ਜਹਾਜ਼..
ਏਬੀਪੀ ਸਾਂਝਾ | 10 Dec 2017 09:42 AM (IST)
ਚੰਡੀਗੜ੍ਹ: ਵਿਦੇਸ਼ ਵਿੱਚ ਘੁੰਮਣ ਦੀ ਗੱਲ ਕਰੀਏ ਤਾਂ ਜ਼ਿਹਨ ਵਿੱਚ ਸਭ ਤੋਂ ਪਹਿਲਾ ਨਾਂਅ ਥਾਈਲੈਂਡ ਦਾ ਹੀ ਆਉਂਦਾ ਹੈ। ਅਜਿਹਾ ਇਸ ਲਈ ਕਿਉਂਕਿ ਥਾਈਲੈਂਡ ਦੀਆਂ ਸੁਹਣੀਆਂ ਸੈਰਗਾਹਾਂ 'ਤੇ ਘੁੰਮਣ ਦਾ ਨਜ਼ਾਰਾ ਹੋਰਾਂ ਥਾਵਾਂ ਦੇ ਮੁਕਾਬਲੇ ਘੱਟ ਖ਼ਰਚ ਵਿੱਚ ਲਿਆ ਜਾ ਸਕਦਾ ਹੈ। ਭਾਰਤ ਤੇ ਥਾਈਲੈਂਡ ਦਰਮਿਆਨ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਅੰਮ੍ਰਿਤਸਰ ਵਿੱਚ ਇੱਕ ਪ੍ਰਦਰਸ਼ਨੀ ਲਾਈ ਗਈ। ਇਸ ਦੌਰਾਨ ਥਾਈਲੈਂਡ ਦੀ ਟੂਰਿਜ਼ਮ ਅਥਾਰਟੀ ਦੇ ਨਿਰਦੇਸ਼ਕ ਇਸਰਾ ਸਟੈਂਪਾਸੈਥ ਨੇ ਕਿਹਾ ਕਿ ਸੈਰ-ਸਪਾਟਾ ਖੇਤਰ ਵਿੱਚ ਥਾਈਲੈਂਡ ਦਾ ਭਾਰਤ ਨਾਲ ਅਟੁੱਟ ਰਿਸ਼ਤਾ ਹੈ। ਉਨ੍ਹਾਂ ਦੱਸਿਆ ਕਿ ਕਿ 11 ਦਸੰਬਰ ਤੋਂ ਚੰਡੀਗੜ੍ਹ ਤੋਂ ਥਾਈਲੈਂਡ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨਾਲ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ। ਇਹ ਉਡਾਣ ਏਅਰ ਇੰਡੀਆ ਚਲਾਵੇਗਾ। ਥਾਈਲੈਂਡ ਦੀ ਅਥਾਰਿਟੀ ਨੇ ਨਿਰਦੇਸ਼ਕ ਨੇ ਕਿਹਾ ਕਿ ਭਾਰਤ ਦੇ ਸ਼ਹਿਰਾਂ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ, ਭੁਵਨੇਸ਼ਵਰ, ਜੈਪੁਰ, ਲਖਨਊ ’ਤੇ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰਹੇਗਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਅੰਮ੍ਰਿਤਸਰ ਆਉਣ ਦਾ ਉਨ੍ਹਾਂ ਦਾ ਉਦੇਸ਼ ਸ਼ਹਿਰੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਸੈਲਾਨੀਆਂ ਨੂੰ ਨਵੀਆਂ ਸਕੀਮਾਂ ਤੋਂ ਜਾਣੂ ਕਰਵਾਉਣਾ ਹੈ। ਇਸ ਮੌਕੇ ਇੰਡੀਆ ਟਰੈਵਲ ਮਾਰਟ ਦੇ ਐਮ.ਡੀ ਅਜੇ ਗੁਪਤਾ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਮਹੀਨਿਆਂ ਵਿੱਚ ਪੰਜਾਬ ਵਿੱਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੇਗੀ।