ਗੁਰਦਾਸਪੁਰ: ਦੀਨਾਨਗਰ ਵਿੱਚ ਅੱਜ ਉਸ ਵੇਲੇ ਸੁਰੱਖਿਆ ਫੋਰਸ ਅਲਰਟ ਹੋ ਗਈ ਜਦੋਂ ਪਿੰਡ ਦਮਰਾਹੀ ਵਿੱਚ ਸ਼ੱਕੀ ਆਦਮੀ ਨੂੰ ਫੌਜ ਦੀ ਵਰਦੀ ਵਿੱਚ ਵੇਖਿਆ ਗਿਆ। ਇਸ ਮਗਰੋਂ ਪੁਲਿਸ ਤੇ ਸਵੈਟ ਦੀਆਂ ਟੀਮਾਂ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ। ਹਾਸਲ ਜਾਣਕਾਰੀ ਮੁਤਾਬਕ ਪੁਲਿਸ ਨੂੰ ਪਿੰਡ ਦੇ ਇੱਕ ਵਾਸੀ ਨੇ ਸੂਚਨਾ ਦਿੱਤੀ ਕਿ ਇੱਕ ਸ਼ੱਕੀ ਆਦਮੀ ਫੌਜ ਦੀ ਵਰਦੀ ਵਿੱਚ ਪਿੰਡ ਅੰਦਰ ਆਇਆ ਸੀ। ਦੀਨਾਨਗਰ ਪੁਲਿਸ ਥਾਣੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੁਲਿਸ ਹਰ ਸ਼ੱਕੀ ਆਦਮੀ ਦੀ ਚੈਕਿੰਗ ਕਰਦੀ ਹੈ। ਡੀਐਸਪੀ ਸਪੈਸ਼ਲ ਸੈੱਲ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਪਿੰਡ ਦੇ ਡੰਗਰਾਂ ਵਾਲੇ ਡਾਕਟਰ ਨੇ ਇਤਲਾਹ ਦਿੱਤੀ ਸੀ ਕਿ ਨਹਿਰ ਨੇੜੇ ਗੁਜਰਾਂ ਨਾਲ ਇੱਕ ਅਣਜਾਣ ਆਦਮੀ ਪਿੰਡ ਵਿੱਚ ਆਇਆ ਸੀ। ਬੈਂਸ ਨੇ ਕਿਹਾ ਕਿ ਸੂਚਨਾ ਮਿਲਦੇ ਮਿਲਦੇ ਪੁਲਿਸ ਟੀਮ ਵੱਲੋਂ ਪਿੰਡ ਵਿੱਚ ਛਾਣਬੀਣ ਕੀਤੀ ਗਈ। ਦੋ ਘੰਟੇ ਛਾਣਬੀਣ ਕਰਨ ਤੋਂ ਬਾਅਦ ਪੁਲਿਸ ਨੂੰ ਕੁਝ ਨਹੀਂ ਮਿਲਿਆ।