ਹੁਣ ਜੱਜ ਕਰਨਗੇ ਰਾਸ਼ਟਰੀ ਗਾਣ ਦਾ ਪਾਠ
ਏਬੀਪੀ ਸਾਂਝਾ | 09 Dec 2017 04:49 PM (IST)
ਨਵਾਂਸ਼ਹਿਰ: ਜ਼ਿਲ੍ਹਾ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਸਾਰੇ ਜੱਜ ਆਪਣਾ ਅਦਾਲਤੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਕੱਠੇ ਹੋ ਕੇ ਰਾਸ਼ਟਰੀ ਗਾਣ ਦਾ ਪਾਠ ਕਰਨਗੇ। ਇਹ ਗੱਲ ਸ਼ਹੀਦ ਭਗਤ ਸਿੰਘ ਨਗਰ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਪਰਿੰਦਰ ਸਿੰਘ ਨੇ ਆਖੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਤੇ ਸ਼ੈਸ਼ਨਜ਼ ਜੱਜ ਏ.ਐਸ. ਗਰੇਵਾਲ ਵੱਲੋਂ ਇਹ ਨਿਵੇਕਲੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦਾ ਰਾਸ਼ਟਰੀ ਗਾਣ 'ਜਨ ਗਣ ਮਨ' ਨਾ ਸਿਰਫ਼ ਸਾਡੀ ਪਛਾਣ ਹੈ ਬਲਕਿ ਇਹ ਸਾਡੀ ਆਣ, ਬਾਣ ਤੇ ਸ਼ਾਨ ਦਾ ਪ੍ਰਤੀਕ ਹੈ। ਇਹ ਵਿਸ਼ਵ ਦਾ ਸਰਵ ਸ੍ਰੇਸ਼ਠ ਗਾਣ ਹੈ। ਇਸ ਨੂੰ ਪਹਿਲਾਂ ਮੂਲ ਬੰਗਲਾ ਭਾਸ਼ਾ ਵਿੱਚ ਲਿਖਿਆ ਗਿਆ ਸੀ। ਭਾਰਤ ਸਰਕਾਰ ਵੱਲੋਂ 24 ਜਨਵਰੀ, 1950 ਨੂੰ ਰਾਸ਼ਟਰੀ ਗਾਣ ਰੂਪ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਨੂੰ ਗਾਇਨ ਦਾ ਸਮਾਂ 52 ਸੈਕਿੰਡ ਦਾ ਹੁੰਦਾ ਹੈ। ਇਸ ਮੌਕੇ ਜੁਡੀਸ਼ੀਅਲ ਕੋਰਟ, ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਏ.ਐਸ. ਗਰੇਵਾਲਅਤੇ ਸਮੂਹ ਜੱਜ ਹਾਜ਼ਰ ਸਨ।