ਮਿਹਰਬਾਨ ਸਿੰਘ ਦੀ ਰਿਪੋਰਟ
ਚੰਡੀਗੜ੍ਹ: ਅੱਜ ਜ਼ੀਰਕਪੁਰ 'ਚ ਪੈਂਦੀ ਬਲਟਾਣਾ ਚੌਕੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ। ਹੜ੍ਹ ਆਉਣ ਕਾਰਨ ਚੌਕੀ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਜ਼ਰੂਰੀ ਕਾਗਜ਼ਾਤ ਤੇ ਅਸਲੇ ਦਾ ਨੁਕਸਾਨ ਹੋਇਆ। ਪਾਣੀ ਇੰਨੀ ਤੇਜ਼ੀ ਨਾਲ ਦਾਖਲ ਹੋਇਆ ਕਿ ਪੁਲਿਸ ਵਾਲੇ ਆਪਣਾ ਸਾਰਾ ਸਾਮਾਨ ਨਹੀਂ ਬਚਾ ਸਕੇ। ਵੇਖਦੇ ਹੀ ਵੇਖਦੇ ਪੂਰੀ ਪੁਲਿਸ ਚੌਕੀ ਤੇ ਨੇੜਲੀ ਪਾਰਕ ਵਾਲਾ ਸਾਰਾ ਇਲਾਕਾ ਦਰਿਆ 'ਚ ਤਬਦੀਲ ਹੋ ਗਿਆ।
ਪੁਲਿਸ ਮੁਤਾਬਕ ਸਵੇਰੇ ਚਾਰ ਵਜੇ ਉਨ੍ਹਾਂ ਨੂੰ ਚੇਤਾਵਨੀ ਮਿਲੀ ਸੀ ਕਿ ਸੁਖਨਾ ਝੀਲ ਤੋਂ ਫਾਲਤੂ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਮੁਨਾਦੀ ਰਾਹੀਂ ਚੌਕੀ ਨੇੜੇ ਨੀਵੇਂ ਥਾਂ ਤੇ ਰਹਿੰਦੇ ਝੁੱਗੀ-ਝੌਪੜੀ ਵਾਲੇ ਲੋਕਾਂ ਨੂੰ ਚੌਕਸ ਕੀਤਾ। ਪਾਣੀ ਦੀ ਰਫ਼ਤਾਰ ਇੰਨੀ ਸੀ ਕਿ ਪੁਲਿਸ ਦੀਆਂ ਗੱਡੀਆਂ ਵੀ ਡੁੱਬ ਗਈਆਂ।
ਪੁਲਿਸ ਚੌਕੀ ਨੇੜਲੀ ਪਾਰਕ ਵੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ ਹੈ ਤੇ ਸ਼ਮਸ਼ਾਨਘਾਟ ਵਿੱਚ ਵੀ ਦਰਿਆ ਵਗ ਰਿਹਾ ਹੈ। ਹਾਲਾਂਕਿ ਹਾਲੇ ਤੱਕ ਝੁੱਗੀਆਂ ਝੌਪੜੀਆਂ ਵਿੱਚ ਪਾਣੀ ਤਾਂ ਨਹੀਂ ਪਹੁੰਚਿਆ ਪਰ ਪਾਣੀ ਹੋਰ ਵਧਣ ਦੇ ਡਰੋਂ ਇਹ ਲੋਕ ਉੱਚੀ ਥਾਂ ਵੱਲ ਪਲਾਨ ਕਰ ਰਹੇ ਹਨ। ਦੂਜੇ ਪਾਸੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਭੂ ਮਾਫੀਆ ਨਾਜਾਇਜ਼ ਉਸਾਰੀ ਕਰ ਰਿਹਾ ਹੈ ਜਿਸ ਕਾਰਨ ਨਾਲੇ ਦੀ ਜਗ੍ਹਾ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਨਾਲੇ ਵਾਸਤੇ ਚਾਰ ਹਜ਼ਾਰ ਫੁੱਟ ਜਗ੍ਹਾ ਹੈ ਜਦਕਿ ਕੇਵਲ ਡੇਢ ਸੌ ਫੁੱਟ ਵਿੱਚ ਨਵਾਂ ਨਾਲਾ ਬਣਾਇਆ ਗਿਆ ਹੈ ਜਿਸ ਦਾ ਕੋਈ ਫਾਇਦਾ ਨਹੀਂ। ਉਲਟਾ ਹੜ੍ਹ ਕਾਰਨ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਨਾਲੇ ਉੱਪਰ ਹੋ ਰਹੀ ਨਾਜਾਇਜ਼ ਉਸਾਰੀ ਖਿਲਾਫ ਪਿੰਡ ਦੇ ਨੰਬਰਦਾਰ ਵੱਲੋਂ ਪਟੀਸ਼ਨ ਵੀ ਪਾਈ ਗਈ ਸੀ ਜਿਸ 'ਤੇ ਅਦਾਲਤ ਨੇ ਨਾਜਾਇਜ਼ ਉਸਾਰੀ ਹਟਾਉਣ ਦੇ ਹੁਕਮ ਦਿੱਤੇ ਸਨ। ਲੋਕਾਂ ਦੀ ਮੰਗ ਹੈ ਕਿ ਹੁਣ ਇਸ ਮਸਲੇ ਤੇ ਹਾਈਕੋਰਟ ਨੂੰ ਸੂ ਮੋਟੋ ਨੋਟਿਸ ਲੈਣਾ ਚਾਹੀਦਾ ਹੈ।
ਪਿੰਡ ਵਾਸੀਆਂ ਨੇ ਹੁਣ ਨਾਲੇ ਦੀ ਅੰਦਰੂਨੀ ਹਾਲਤ ਦਿਖਾਉਂਦਿਆਂ ਕਿਹਾ ਕਿ ਨਵਾਂ ਬਣਿਆ ਨਾਲਾ ਬਿਲਕੁੱਲ ਵਿਅਰਥ ਹੈ। ਚਾਰ ਚੁਫੇਰੇ ਹੜ੍ਹ ਹੈ ਤੇ ਨਾਲਾ ਬਿਲਕੁਲ ਅੰਦਰੋਂ ਸੁੱਕਾ ਹੈ। ਪੁਲਿਸ ਚੌਕੀ, ਪਾਰਕ, ਸ਼ਮਸ਼ਾਨਘਾਟ ਤੋਂ ਇਲਾਵਾ ਨੇੜੇ ਬਣੇ ਮੈਰਿਜ ਪੈਲੇਸ ਵਿੱਚ ਵੀ ਪਾਣੀ ਦਾਖਲ ਹੋ ਗਿਆ ਜਿਸ ਕਾਰਨ ਵੱਡਾ ਨੁਕਸਾਨ ਹੋਇਆ ਹੈ।
ਵੇਂਹਦਿਆਂ-ਵੇਂਹਦਿਆਂ ਹੀ ਡੁੱਬ ਗਈ ਪੁਲਿਸ ਚੌਕੀ, ਅਸਲਾ ਤੇ ਦਸਤਾਵੇਜ਼ ਵੀ ਨਾ ਬਚਾ ਸਕੇ ਮੁਲਾਜ਼ਮ
ਏਬੀਪੀ ਸਾਂਝਾ
Updated at:
23 Aug 2020 02:08 PM (IST)
ਅੱਜ ਜ਼ੀਰਕਪੁਰ 'ਚ ਪੈਂਦੀ ਬਲਟਾਣਾ ਚੌਕੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ। ਹੜ੍ਹ ਆਉਣ ਕਾਰਨ ਚੌਕੀ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਜ਼ਰੂਰੀ ਕਾਗਜ਼ਾਤ ਤੇ ਅਸਲੇ ਦਾ ਨੁਕਸਾਨ ਹੋਇਆ। ਪਾਣੀ ਇੰਨੀ ਤੇਜ਼ੀ ਨਾਲ ਦਾਖਲ ਹੋਇਆ ਕਿ ਪੁਲਿਸ ਵਾਲੇ ਆਪਣਾ ਸਾਰਾ ਸਾਮਾਨ ਨਹੀਂ ਬਚਾ ਸਕੇ। ਵੇਖਦੇ ਹੀ ਵੇਖਦੇ ਪੂਰੀ ਪੁਲਿਸ ਚੌਕੀ ਤੇ ਨੇੜਲੀ ਪਾਰਕ ਵਾਲਾ ਸਾਰਾ ਇਲਾਕਾ ਦਰਿਆ 'ਚ ਤਬਦੀਲ ਹੋ ਗਿਆ।
- - - - - - - - - Advertisement - - - - - - - - -