ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਹੜ੍ਹ ਮਾਰੇ ਇਲਾਕਿਆਂ ਦਾ ਹਵਾਈ ਦੌਰਾ ਕੀਤਾ ਪਰ ਅਸਲ ਹਾਲਾਤ ਜਾਣਨ ਲਈ ਲੋਕਾਂ ਨੂੰ ਨਹੀਂ ਮਿਲੇ। ਇਸ ਕਰਕੇ ਕਾਂਗਰਸ ਸਰਕਾਰ 'ਤੇ ਸਵਾਲ ਉੱਠ ਰਹੇ ਹਨ। ਕੈਪਟਨ ਵੱਲੋਂ ਘੱਗਰ ਦੇ ਹੜ੍ਹ ਪੀੜਤਾਂ ਦੀਆਂ ਦੁੱਖ ਤਕਲੀਫ਼ਾਂ ਸੁਣਨ ਲਈ ਮੂਨਕ ਦੀ ਅਨਾਜ ਮੰਡੀ ’ਚ ਪ੍ਰੋਗਰਾਮ ਵੀ ਰੱਖਿਆ ਸੀ। ਪੀੜਤ ਵੀ ਮੁੱਖ ਮੰਤਰੀ ਨੂੰ ਆਪਣਾ ਦਰਦ ਸੁਣਾਉਣਾ ਚਾਹੁੰਦੇ ਸੀ ਪਰ ਅਫਸਰਾਂ ਨੇ ਕਿਸੇ ਨੂੰ ਵੀ ਉਨ੍ਹਾਂ ਦੇ ਨੇੜ ਨਹੀਂ ਜਾਣ ਦਿੱਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਹੜ੍ਹ ਪੀੜਤਾਂ ਦੇ ਦੁੱਖ ਸੁਣਨ ਲਈ ਨਹੀਂ ਸਗੋਂ ਕਾਂਗਰਸ ਪਾਰਟੀ ਦੀ ਸਿਆਸੀ ਕਾਨਫਰੰਸ ਵੱਧ ਜਾਪ ਰਿਹਾ ਸੀ।


ਹੈਰਾਨੀ ਦੀ ਗੱਲ਼ ਹੈ ਕਿ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਗਈਆਂ ਹਨ। ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਹੈ। ਕੀਮਤੀ ਸਾਮਾਨ ਤੇ ਦਾਣਾ-ਪਾਣੀ ਖਰਾਬ ਹੋ ਗਿਆ ਹੈ। ਪਸ਼ੂਆਂ ਲਈ ਚਾਰਾ ਨਹੀਂ ਬਚਿਆ। ਇੰਨੀ ਤ੍ਰਾਸਦੀ ਦੇ ਬਾਵਜੂਦ ਕੈਪਟਨ ਦੀ ਆਮਦੇ 'ਤੇ ਕਰਵਾਏ ਪ੍ਰੋਗਰਾਮ ’ਚ ਸਟੇਜ ਤੋਂ ਅੱਧੀ ਦਰਜਨ ਬੁਲਾਰਿਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਹੀ ਸੋਹਲੇ ਗਾਏ।



ਇੱਥੇ ਮੀਡੀਆ ਤੇ ਹੋਰ ਲੋਕ ਹੈਰਾਨ ਸੀ ਕਿ ਇਹ ਕਾਂਗਰਸ ਦੀ ਸਿਆਸੀ ਰੈਲੀ ਹੈ ਜਾਂ ਫਿਰ ਮੁੱਖ ਮੰਤਰੀ ਲੋਕਾਂ ਦਾ ਹਾਲ ਜਾਣਨ ਆਏ ਹਨ। ਹੱਦ ਤਾਂ ਉਦੋਂ ਹੋ ਗਈ ਜਦੋਂ ਇੱਕ ਬੁਲਾਰੇ ਨੇ ਮੁੱਖ ਮੰਤਰੀ ਦੀ ਤਾਰੀਫ਼ ਕਰਦਿਆਂ ਇਥੋਂ ਤੱਕ ਆਖ਼ ਦਿੱਤਾ ਕਿ ਪੰਜਾਬ ਦਾ ਬੱਬਰ ਸ਼ੇਰ ਸਾਡੇ ਇਲਾਕੇ ਵਿਚ ਆਇਆ ਹੈ। ਇੰਨਾ ਨੁਕਸਾਨ ਹੋਣ ਦੇ ਬਾਵਜੂਦ ਸਥਾਨਕ ਕਾਂਗਰਸੀਆਂ ਨੇ ਕੈਪਟਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਤੁਹਾਡੇ ਵੱਲੋਂ ਘੱਗਰ ਦੇ ਬੰਨ੍ਹਾਂ ਨੂੰ ਪੱਕਾ ਕਰਨ ਦੀ ਬਦੌਲਤ ਕਿਸਾਨਾਂ ਦਾ 98 ਫੀਸਦੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਜਦੋਂਕਿ ਨੁਕਸਾਨ ਸਿਰਫ਼ 2 ਫੀਸਦੀ ਹੀ ਹੋਇਆ ਹੈ।

ਦੂਜੇ ਪਾਸੇ ਇਕੱਲੇ ਪਟਿਆਲਾ ਜ਼ਿਲ੍ਹੇ ਵਿੱਚ ਹੀ ਸੱਠ ਹਜ਼ਾਰ ਏਕੜ ਤੋਂ ਵੀ ਵੱਧ ਫਸਲ ਬਰਬਾਦ ਹੋਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਸੰਗਰੂਰ ਤੇ ਮਾਨਸਾ ਜ਼ਿਲ੍ਹਿਆਂ ਵਿੱਚ ਵੀ ਹੜ੍ਹਾ ਨੇ ਤਬਾਹੀ ਮਚਾਈ ਹੈ। ਲੋਕਾਂ ਨੂੰ ਗੁੱਸਾ ਹੈ ਕਿ ਸਥਾਨਕ ਕਾਂਗਰਸੀ ਲੀਡਰਾਂ ਤੇ ਅਫਸਰਾਂ ਨੇ ਮੁੱਖ ਮੰਤਰੀ ਕੋਲ ਅਸਲ ਤਸਵੀਰ ਪੇਸ਼ ਨਹੀਂ ਹੋਣ ਦਿੱਤੀ। ਇਸ ਲਈ ਕਿਸਾਨਾਂ ਨੂੰ ਡਰ ਸਤਾ ਰਿਹਾ ਹੈ ਕਿ ਉਨ੍ਹਾਂ ਨੂੰ ਮੁਆਵਜ਼ਾ ਵੀ ਪੂਰਾ ਮਿਲੇਗਾ ਜਾਂ ਫਿਰ ਨਹੀਂ।

ਘੱਗਰ ਦੀ ਮਾਰ ਦਾ ਸੰਤਾਪ ਹੰਢਾਉਣ ਵਾਲੇ ਪੀੜਤ ਮੁੱਖ ਮੰਤਰੀ ਅੱਗੇ ਆਪਣਾ ਦੁੱਖ ਦਰਦ ਬਿਆਨ ਕਰਨ ਲਈ ਤਰਸਦੇ ਰਹੇ ਜਿਨ੍ਹਾਂ ਨੂੰ ਮੁੱਖ ਮੰਤਰੀ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ। ਮੂਨਕ ਸ਼ਹਿਰ ਦੀ ਬਸਤੀ ’ਚ ਸਥਿਤ ਪਰਿਵਾਰ ਦਾ ਘਰ ਪਾਣੀ ਨਾਲ ਚਾਰ ਚੁਫੇਰਿਓ ਘਿਰ ਗਿਆ ਤੇ ਘਰ ’ਚ ਪਾਣੀ ਦਾਖਲ ਹੋ ਗਿਆ। ਨਾਬਾਲਗ ਲੜਕੀਆਂ ਸੀਮਾ, ਨਾਨਕੀ ਤੇ ਹਰਪਾਲ ਕੌਰ ਨੇ ਕਿਹਾ ਕਿ ਘਰ ਜਾਣ ਲਈ ਕੋਈ ਰਾਹ ਨਹੀਂ ਬਚਿਆ, ਕੋਈ ਅਧਿਕਾਰੀ ਉਨ੍ਹਾਂ ਦੀ ਮਦਦ ਲਈ ਨਹੀਂ ਆਇਆ।