ਚੰਡੀਗੜ੍ਹ: ਪੰਜਾਬ ਵਿੱਚ ਹੜ੍ਹਾਂ ਦੀ ਤਬਾਹੀ ਤੋਂ ਲੋਕਾਂ ਨੂੰ ਬਚਾਉਣ ਲਈ ਚਾਹੇ ਸਰਕਾਰੀ ਮਸ਼ਨੀਰੀ ਸੁਸਤ ਹੀ ਨਜ਼ਰ ਆਈ ਪਰ ਸਿੱਖ ਸੰਗਤ ਨੇ ਲੰਗਰ ਦੀ ਸੇਵਾ ਨਾਲ ਸਭ ਦਾ ਦਿਲ ਜਿੱਤ ਲਿਆ। ਬਹੁਤ ਸਾਰੇ ਹੜ੍ਹ ਮਾਰੇ ਇਲਾਕਿਆਂ ਵਿੱਚ ਸਰਕਾਰੀ ਮਦਦ ਨਹੀਂ ਪਹੁੰਚ ਰਹੀ ਪਰ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਲੰਗਰ ਤੇ ਹੋਰ ਰਾਹਤ ਸਮੱਗਰੀ ਪਹੁੰਚਾ ਰਹੀਆਂ ਹਨ।

ਖਾਸ ਗੱਲ਼ ਹੈ ਕਿ ਪੂਰੇ ਪੰਜਾਬ ਵਿੱਚੋਂ ਵੱਖ-ਵੱਖ ਜਥੇਬੰਦੀਆਂ ਤੇ ਲੋਕ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਡਟੇ ਹੋਏ ਹਨ। ਦੁਖ ਦੀ ਗੱਲ਼ ਹੈ ਕਿ ਲੋਕਾਂ ਦੀ ਸੇਵਾ ਵਿੱਚ ਜੁਟੀਆਂ ਜਥੇਬੰਦੀਆਂ ਨੂੰ ਬੇੜੀਆਂ ਨਾ ਮਿਲਣ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕਈ ਲੋਕ ਆਪਣੀ ਜ਼ਿੰਦਗੀ ਦਾਅ ’ਤੇ ਲਾ ਕੇ ਦੇਸੀ ਜੁਗਾੜ ਨਾਲ ਲੋਕਾਂ ਤਕ ਖਾਣ-ਪੀਣ ਵਾਲੀਆਂ ਵਸਤਾਂ ਤੇ ਦਵਾਈਆਂ ਭੇਜ ਰਹੇ ਹਨ।

ਜਲੰਧਰ ਤੋਂ ਮਿਲੀ ਰਿਪੋਰਟ ਮੁਤਾਬਕ ਪਾਣੀ ਵਿੱਚ ਘਿਰੇ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਤੇ ਖ਼ਾਸ ਕਰਕੇ ਪੀਣ ਵਾਲਾ ਪਾਣੀ ਤੇ ਬੱਚਿਆਂ ਲਈ ਦੁੱਧ ਪਹੁੰਚਾਉਣ ਲਈ ਲੋਕ ਆਪਣੀਆਂ ਜਾਨਾਂ ਦੀ ਪ੍ਰਵਾਹ ਵੀ ਨਹੀਂ ਕਰ ਰਹੇ। ਲੋਕਾਂ ਦੀ ਸੇਵਾ ਵੇਖ ਹੜ੍ਹ ਪੀੜਤ ਵੀ ਹੈਰਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਸਰਕਾਰੀ ਅਫਸਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਸਿੱਖ ਸੰਗਤਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਨ੍ਹਾਂ ਲਈ ਲੰਗਰ ਤੇ ਹੋਰ ਸਾਮਾਨ ਭੇਜਿਆ ਹੈ।

ਹੜ੍ਹ ਪੀੜਤਾਂ ਦਾ ਕਹਿਣਾ ਹੈ ਕਿ ਸਰਕਾਰੀ ਅਫਸਰਾਂ ਨੇ ਨਾਂ ਤਾਂ ਉਨ੍ਹਾਂ ਨੂੰ ਹੜ੍ਹ ਦੇ ਖਤਰੇ ਦੀ ਪਹਿਲਾਂ ਸੂਚਨਾ ਦਿੱਤੀ। ਜਦੋਂ ਉਹ ਪਾਣੀ ਵਿੱਚ ਘਿਰ ਗਏ ਤਾਂ ਉਨ੍ਹਾਂ ਨੂੰ ਬਚਾਉਣ ਲਈ ਵੀ ਕੋਈ ਪ੍ਰਬੰਧ ਨਜ਼ਰ ਨਹੀਂ ਆਇਆ। ਕਈ ਲੋਕ ਤਾਂ ਚਾਰ ਦਿਨਾਂ ਤੋਂ ਘਰਾਂ ਦੀਆਂ ਛੱਤਾਂ 'ਤੇ ਬੈਠੇ ਹਨ। ਉਨ੍ਹਾਂ ਨੂੰ ਸਭ ਤੋਂ ਵੱਡੀ ਦਿੱਕਤ ਪੀਣ ਵਾਲੇ ਪਾਣੀ ਦੀ ਆ ਰਹੀ ਹੈ।