ਮੁੰਬਈ: ਬੀਤੇ ਦਿਨੀਂ ਪਾਕਿਸਤਾਨ ਵਿੱਚ ਪ੍ਰਦਰਸ਼ਨ ਕਰਨ ਕਰਕੇ ਭਾਰਤੀ ਮਨੋਰੰਜਨ ਜਗਤ ਵਿੱਚ ਬੈਨ ਕੀਤੇ ਗਾਇਕ ਮੀਕਾ ਸਿੰਘ ਨੇ ਮੁਆਫ਼ੀ ਮੰਗ ਲਈ ਹੈ। ਮੀਕਾ ਨੇ ਕਿਹਾ ਹੈ ਕਿ ਉਹ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਰਾਹਤ ਵੀ ਮਿਲ ਗਈ ਹੈ।


ਮੀਕਾ ਸਿੰਘ ਨੇ ਬੀਤੀ ਅੱਠ ਅਗਸਤ ਨੂੰ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਬੀਤੀ ਅੱਠ ਅਗਸਤ ਨੂੰ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਅਰਬਪਤੀ ਰਿਸ਼ਤੇਦਾਰ ਦੀ ਧੀ ਦੇ ਵਿਆਹ ਵਿੱਚ ਆਪਣਾ ਅਖਾੜਾ ਲਾਇਆ ਸੀ। ਇਸ ਤੋਂ ਮਗਰੋਂ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਉਨ੍ਹਾਂ 'ਤੇ ਰੋਕ ਲਾ ਦਿੱਤੀ ਸੀ।

ਭਾਰਤ ਵੱਲੋਂ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਬੇਅਸਰ ਕਰਨ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਤੋਂ ਕਈ ਤਰ੍ਹਾਂ ਦੇ ਰਿਸ਼ਤੇ ਤੋੜਨ ਦਾ ਐਲਾਨ ਕਰ ਦਿੱਤਾ, ਜਿਸ ਦੇ ਜਵਾਬ ਵਿੱਚ FWICE ਨੇ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ ਵਿੱਚ ਕੰਮ ਨਾ ਕਰਨ ਦੇਣ ਲਈ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਸੀ।

ਅੱਜ ਮੀਕਾ ਸਿੰਘ ਸ਼ਾਮ ਨੂੰ ਪੌਣੇ ਕੁ ਛੇ ਵਜੇ FWICE ਦੇ ਅਧਿਕਾਰੀਆਂ ਨੂੰ ਮਿਲਣ ਪਹੁੰਚੇ। ਇੱਥੇ ਮੀਕਾ ਸਿੰਘ ਨੇ ਸਿਨੇਮਾ ਕਰਮਚਾਰੀਆਂ ਤੋਂ ਮੁਆਫੀ ਮੰਗ ਲਈ। ਉਨ੍ਹਾਂ ਕਿਹਾ ਕਿ ਉਹ ਆਪਣੀ ਗ਼ਲਤੀ ਮੰਨਦੇ ਹਨ ਅਤੇ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰਨਗੇ ਤੇ ਕਦੇ ਵੀ ਪਾਕਿਸਤਾਨ ਵਿੱਚ ਪ੍ਰੋਗਰਾਮ ਨਹੀਂ ਕਰਨਗੇ। ਇਸ ਤੋਂ ਬਾਅਦ FWICE ਨੇ ਮੀਕਾ 'ਤੇ ਲਾਇਆ ਬੈਨ ਵੀ ਹਟਾ ਲਿਆ।