ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਪੰਜਾਬ ਵਿੱਚ ਆਏ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ 1,000 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਮੰਗਿਆ ਹੈ। ਕੈਪਟਨ ਨੇ ਮੋਦੀ ਨੂੰ ਹੜ੍ਹ ਪੀੜਤ ਇਲਾਕਿਆਂ ਵਿੱਚ ਬਚਾਅ ਕਾਰਜ ਤੇ ਮਦਦ ਪਹੁੰਚਾਉਣ ਦੀ ਵੀ ਅਪੀਲ ਕੀਤੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਵਿੱਚ ਦੱਸਿਆ ਹੈ ਕਿ ਸੰਨ 1958 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦ ਭਾਖੜਾ ਡੈਮ ਤੋਂ ਇੰਨੀ ਵੱਡੀ ਮਾਤਰਾ ਵਿੱਚ ਪਾਣੀ ਛੱਡਿਆ ਗਿਆ ਹੋਵੇ। ਇਸ ਪਾਣੀ ਕਾਰਨ ਪੰਜਾਬ ਦੇ ਰੂਪਨਗਰ, ਲੁਧਿਆਣਾ, ਜਲੰਧਰ ਤੇ ਕਪੂਰਥਲਾ ਦੇ 100 ਤੋਂ ਵੱਧ ਪਿੰਡਾਂ ਵਿੱਚ ਕਈ-ਕਈ ਫੁੱਟ ਪਾਣੀ ਭਰ ਗਿਆ ਹੈ, ਜਦਕਿ ਤਕਰੀਬਨ 326 ਤੋਂ ਵੱਧ ਪਿੰਡ ਹੜ੍ਹਾਂ ਦੇ ਮਾਰ ਹੇਠ ਆਏ ਹਨ।

ਕੈਪਟਨ ਨੇ ਦੱਸਿਆ ਕਿ ਹੜ੍ਹਾਂ ਦੇ ਪਾਣੀ ਕਾਰਨ 1.20 ਲੱਖ ਏਕੜ ਖੜ੍ਹੀ ਫ਼ਸਲ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਇਸ ਦੇ ਨਾਲ ਵੱਡੀ ਗਿਣਤੀ ਵਿੱਚ ਦੁਧਾਰੂ ਪਸ਼ੂਆਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਇਸ ਬਿਪਤਾ ਨੂੰ ਕੁਦਰਤੀ ਆਫਤ ਐਲਾਨ ਚੁੱਕੀ ਹੈ। ਕੈਪਟਨ ਨੇ ਕਿਹਾ ਕਿ ਬੇਸ਼ੱਕ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਉਣ ਦਾ ਕੰਮ ਜਾਰੀ ਹੈ। ਪਰ ਭਾਖੜਾ ਡੈਮ ਵਿੱਚੋਂ ਹਾਲੇ ਵੀ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਪਿੰਡਾਂ ਵਿੱਚ ਪਾਣੀ ਦਾ ਪੱਧਰ ਘੱਟ ਨਹੀਂ ਰਿਹਾ।

ਪੰਜਾਬ ਸਰਕਾਰ ਮੁਤਾਬਕ ਹੜ੍ਹਾਂ ਕਾਰਨ 1,700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕੈਪਟਨ ਨੇ ਹੜ੍ਹਾਂ ਦੇ ਖਰਾਬੇ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਸੂਬੇ ਦੇ ਖ਼ਜ਼ਾਨੇ ਵਿੱਚੋਂ 100 ਕਰੋੜ ਜਾਰੀ ਕਰਨ ਦਾ ਐਲਾਨ ਕੀਤਾ ਸੀ। ਹੁਣ ਦੇਖਣਾ ਹੋਵੇਗਾ ਕਿ ਕੇਂਦਰ ਦੀ ਮੋਦੀ ਸਰਕਾਰ ਹੜ੍ਹਾਂ ਕਾਰਨ ਝੰਬੇ ਪੰਜਾਬ ਨੂੰ ਕਿੰਨੀ ਕੁ ਰਾਹਤ ਪਹੁੰਚਾਉਂਦੀ ਹੈ।