ਮਹਿਤਾਬ-ਉਦ-ਦੀਨ


ਮੁਹਾਲੀ: ਭਾਰਤ ਦੇ ਉੱਘੇ ਬਾਂਸੁਰੀ ਵਾਦਕ ਰਵਿੰਦਰ ਸਿੰਘ ਦਾ ਮੁਹਾਲੀ ਦੇ ਇੱਕ ਸਥਾਨਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਹ 76 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ਆਪਣੀ ਪਤਨੀ ਤੇਜਿੰਦਰ ਕੌਰ ਤੇ ਦੋ ਪੁੱਤਰ ਕਮਲਦੀਪ ਸਿੰਘ ਤੇ ਸੰਦੀਪ ਸਿੰਘ ਛੱਡ ਗਏ ਹਨ। ਰਵਿੰਦਰ ਸਿੰਘ ਕੋਰੋਨਾ ਤੋਂ ਪੀੜਤ ਸਨ ਤੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਕੋਵਿਡ-19 ਦੇ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।


ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਦੇ ‘ਏ ਗ੍ਰੇਡ’ ਕਲਾਕਾਰ ਰਵਿੰਦਰ ਸਿੰਘ ਨੇ ਗ਼ਜ਼ਲ ਸਮਰਾਟ ਜਗਜੀਤ ਸਿੰਘ, ਪਾਕਿਸਤਾਨ ਦੀ ਰੇਸ਼ਮਾ, ਕੱਥਕ ਦੀ ਰਾਣੀ ਸਿਤਾਰਾ ਦੇਵੀ ਜਿਹੇ ਪ੍ਰਮੁੱਖ ਕਲਾਕਾਰਾਂ ਲਈ ਸ਼ਾਨਦਾਰ ਕੰਮ ਕੀਤਾ ਸੀ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣਾ ਸਾਲਾਨਾ ‘ਭਾਈ ਮਰਦਾਨਾ ਕਲਾਸੀਕਲ ਸੰਗੀਤ ਸੰਮੇਲਨ ’ਚ ਸਨਮਾਨਿਤ ਵੀ ਕੀਤਾ ਸੀ।


ਰਵਿੰਦਰ ਸਿੰਘ ਹੁਰਾਂ ਨਾਲ ਜਿਹੜੇ ਵੀ ਕਲਾਕਾਰਾਂ ਨੇ ਕੰਮ ਕੀਤਾ, ਉਨ੍ਹਾਂ ਸਭਨਾਂ ਦਾ ਇਹੋ ਕਹਿਣਾ ਹੈ ਕਿ ਉਹ ਬਹੁਤ ਮਿਲਣਸਾਰ, ਸ਼ਾਂਤ ਸੁਭਾਅ ਦੇ ਤੇ ਸਨਿਮਰ ਸਨ। ਉਹ ਦੇਸ਼ ਦੇ ਉੱਘੇ ਬਾਂਸੁਰੀ ਵਾਦਕਾਂ ਪੰਡਤ ਪੰਨਾ ਲਾਲ ਘੋਸ਼ ਤੇ ਪੰਡਤ ਹਰੀ ਪ੍ਰਸਾਦ ਚੌਰਸੀਆ ਤੋਂ ਪ੍ਰੇਰਿਤ ਸਨ।


ਕੱਥਕ ਨਰਤਕੀ ਸ਼ੋਭਾ ਕੌਸਰ ਨੂੰ ਜਦੋਂ ਪਤਾ ਲੱਗਾ ਕਿ ਰਵਿੰਦਰ ਸਿੰਘ ਹੁਣ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਗਏ ਹਨ, ਤਾਂ ਉਨ੍ਹਾਂ ਦੱਸਿਆ ਕਿ ਉਹ ਰਵਿੰਦਰ ਸਿੰਘ ਨੂੰ ਪਿਛਲੇ 40 ਸਾਲਾਂ ਤੋਂ ਜਾਣਦੇ ਸਨ ਤੇ ਉਨ੍ਹਾਂ ਦੇ ਅਕਾਲ ਚਲਾਣੇ ਨੇ ਉਨ੍ਹਾਂ ਦਾ ਦਿਲ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਬਹੁਤ ਹੀ ਮਿਠਾਸ ਭਰਪੂਰ ਬਾਂਸੁਰੀ ਵਜਾਉਂਦੇ ਸਨ ਤੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੰਦੇ ਸਨ। ‘ਇਸ ਦੁੱਖ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇ ਜਾਣ ਨਾਲ ਸਾਡੇ ਮਨਾਂ ਵਿੱਚ ਇੱਕ ਖ਼ਲਾਅ ਬਣਿਆ ਰਹੇਗਾ।’


ਰਵਿੰਦਰ ਸਿੰਘ ਨੇ ਕਲਾਸੀਕਲ ਸੰਗੀਤ ਦੀ ਸਿੱਖਿਆ ਕਿਰਾਨਾ ਘਰਾਣੇ ਦੇ ਜਗਦੀਸ਼ ਮਿੱਤਰ ਤੋਂ ਲਈ ਸੀ। ਉਨ੍ਹਾਂ ਪ੍ਰਯਾਗ ਸੰਗੀਤ ਸਮਿਤੀ, ਅਲਾਹਾਬਾਦ ਤੋਂ ‘ਸੰਗੀਤ ਪ੍ਰਵੀਨ’ ਦੀ ਡਿਗਰੀ ਵੀ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਉਹ ‘ਕਲਾਸੀਕਲ ਇੰਸਟਰੂਮੈਂਟ ਮਿਊਜ਼ਿਕ (ਬਾਂਸੁਰੀ)’ ’ਚ ਸੀਨੀਅਰ ਡਿਪਲੋਮਾ ਵੀ ਹਾਸਲ ਕੀਤਾ।


ਇਹ ਵੀ ਪੜ੍ਹੋ: Punjab Lockdown: ਪੰਜਾਬ 'ਚ ਪੂਰਨ ਲੌਕਡਾਊਨ! ਸੂਬੇ 'ਚ ਬਾਜ਼ਾਰ ਮੁਕੰਮਲ ਬੰਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904