ਚਾਰ ਕਰੋੜ ਦਾ ਅਨਾਜ ਖਾਣ ਵਾਲਾ ਇੰਸਪੈਕਟਰ ਤੋੜੇਗਾ ਜੇਲ੍ਹ ਦੀ ਰੋਟੀ
ਏਬੀਪੀ ਸਾਂਝਾ | 08 Jan 2018 04:57 PM (IST)
ਗੁਰਦਸਪੁਰ: 4 ਕਰੋੜ ਦੇ ਅਨਾਜ ਘਪਲੇ 'ਚ ਪੁਲਿਸ ਨੇ ਫੂਡ ਸਪਲਾਈ ਵਿਭਾਗ ਦੇ ਇੱਕ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਹੈ। ਵਿਭਾਗ ਨੇ ਦੋ ਸਾਲ ਪਹਿਲਾਂ ਇੰਸਪੈਕਟਰ ਤੇ ਸ਼ੈਲਰ ਮਾਲਕ ਵਿਰੁੱਧ ਗੁਦਾਮਾਂ ਵਿੱਚ ਪਈ ਕਣਕ ਤੇ ਚੌਲ ਖ਼ੁਰਦ ਬੁਰਦ ਕਰਨ ਦੇ ਇਲਜ਼ਾਮ ਹੇਠ ਮਾਮਲਾ ਦਰਜ ਕੀਤਾ ਸੀ। ਇਸੇ ਇੰਸਪੈਕਟਰ 'ਤੇ ਡਿੱਪੂ ਹੋਲਡਰ ਐਸੋਸੀਏਸ਼ਨ ਵੱਲੋਂ ਉਨ੍ਹਾਂ ਨਾਲ ਘਪਲਾ ਕਰਨ ਦੇ ਇਲਜ਼ਾਮ ਲਾਏ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਗੁਰਦਸਪੁਰ ਦੇ ਪੁਲਿਸ ਕਪਤਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਵਾਸੀ ਪਿੰਡ ਰਾਮਪੁਰ ਵੱਲੋਂ ਸ਼ੈਲਰ ਮਾਲਕ ਮਨਜੀਤ ਸਿੰਘ ਨਾਲ ਮਿਲ ਕੇ ਤਕਰੀਬਨ 4 ਕਰੋੜ 19 ਲੱਖ 81 ਹਜ਼ਾਰ 9 ਸੌ 53 ਰੁਪਏ ਦੀ ਰਕਮ ਦੀ ਕਣਕ ਅਤੇ ਚਾਵਲ ਨੂੰ ਖੁਰਦ ਬੁਰਦ ਕੀਤਾ ਹੈ। ਉਧਰ ਇਸ ਮਾਮਲੇ ਵਿੱਚ ਸਰਕਾਰੀ ਡਿੱਪੂ ਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਅਜੈ ਕੁਮਾਰ ਨੇ ਵੀ ਇਸ ਇੰਸਪੈਕਟਰ ਖਿਲਾਫ ਘਪਲਾ ਕਰਨ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਡਿੱਪੂਆਂ ਨੂੰ ਸਪਲਾਈ ਹੋਣ ਵਾਲੇ ਅਨਾਜ ਵਿੱਚ ਵੀ ਸੁਸ਼ੀਲ ਕੁਮਾਰ ਨੇ ਘਪਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰਕ ਇਸ ਮਾਮਲੇ ਦੀ ਵੀ ਗੰਭੀਰਤਾ ਨਾਲ ਜਾਂਚ ਹੋਵੇ ਤਾਂ ਕਰੋੜਾਂ ਰੁਪਏ ਦਾ ਹੋਰ ਘਪਲਾ ਸਾਹਮਣੇ ਆਵੇਗਾ। ਉਨ੍ਹਾਂ ਦੱਸਿਆ ਕਿ ਇਸੇ ਸਬੰਧ ਵਿੱਚ ਥਾਣਾ ਕਲਾਨੌਰ 'ਚ ਸੁਸ਼ੀਲ ਕੁਮਾਰ ਅਤੇ ਮਨਜੀਤ ਸਿੰਘ ਖਿਲਾਫ ਧਾਰਾ 409, 420, 406 ਤਹਿਤ ਕੇਸ ਦਰਜ ਹੈ ਤੇ ਅੱਜ ਮੁਲਜ਼ਮ ਇੰਸਪੇਕਟਰ ਸੁਸ਼ਿਲ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅੱਗੇ ਕਾਰਵਾਈ ਜਾਰੀ ਹੈ।