'ABP ਸਾਂਝਾ' ਦੀ ਪੜਤਾਲ

ਯਾਦਵਿੰਦਰ ਸਿੰਘ

ਚੰਡੀਗੜ੍ਹ: ਪੰਜਾਬ ਵਿੱਚ ਕੈਪਟਨ ਸਰਕਾਰ ਨੇ ਕਰਜ਼ ਮੁਆਫੀ ਦਾ ਆਗ਼ਾਜ਼ ਪੂਰੇ ਢੋਲ-ਢਮੱਕੇ ਨਾਲ ਕੀਤਾ। ਸਮਾਗਮ ਵਿੱਚ ਚਾਰ ਚੰਨ੍ਹ ਲਾਉਣ ਲਈ ਜਿੱਥੇ ਗੁਰਦਾਸ ਮਾਨ ਵਰਗੇ ਕਲਾਕਾਰ ਨੂੰ ਸੱਦਿਆ ਗਿਆ, ਉੱਥੇ ਪੰਜਾਬ ਦੀ ਪੂਰੀ ਵਜ਼ਾਰਤ ਵੀ ਉੱਥੇ ਪਹੁੰਚੀ ਹੋਈ ਸੀ। ਵਧਦੇ ਕਰਜ਼ ਤੇ ਖੇਤੀ 'ਚੋਂ ਘਟਦੀ ਆਮਦਨ ਦੇ ਝੰਬੇ ਕਿਸਾਨਾਂ ਨੂੰ ਕਤਾਰਾਂ ਵਿੱਚ ਲਵਾ ਕੇ ਜਨਤਕ ਤੌਰ 'ਤੇ ਕਰਜ਼ ਮੁਕਤੀ ਦਾ ਪ੍ਰਮਾਣ ਪੱਤਰ ਇੰਝ ਦਿੱਤਾ ਗਿਆ, ਜਿਵੇਂ ਉਸ ਦੇ ਸਾਰੇ ਕਰਜ਼ੇ ਸਰਕਾਰ ਨੇ ਓਟ ਲਏ ਹੋਣ। ਇਸ 'ਕਰਜ਼ ਮੁਕਤੀ' ਬਾਰੇ ਕਿਸਾਨਾਂ ਦੇ ਕੀ ਵਿਚਾਰ ਹਨ, ਇਹ 'ABP ਸਾਂਝਾ' ਨੇ ਪਿੰਡ ਦੀ ਸੱਥ ਵਿੱਚ ਜਾ ਕੇ ਉਨ੍ਹਾਂ ਦੇ ਮੂੰਹੋਂ ਆਪ ਸੁਣੇ, ਤੁਸੀਂ ਵੀ ਪੜ੍ਹੋ:

ਮਾਨਸਾ ਜ਼ਿਲ੍ਹੇ ਦਾ ਪਿੰਡ ਤਾਮਕੋਟ। ਕੈਪਟਨ ਸਰਕਾਰ ਦੇ ਕਰਜ਼ਾ ਮੁਕਤੀ ਸ਼ੋਅ ਵਾਲੀ ਜਗ੍ਹਾ ਤੋਂ 6 ਕਿਲੋਮੀਟਰ ਦੂਰ। ਪਿੰਡ 'ਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਿੰਡ ਦੀ ਸੱਥ ਹੈ। ਗੁਰਦਵਾਰੇ ਦਾ ਨਿਸ਼ਾਨ ਸਾਹਿਬ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਪਰ ਸੱਥ ਢਹਿੰਦੀ ਕਲਾ ਦੀਆਂ ਗੱਲਾਂ ਨਾਲ ਸ਼ੁਮਾਰ ਹੈ। ਸਵੇਰੇ-ਸਵੇਰੇ ਬਜ਼ੁਰਗ, ਅੱਧਖੜ ਉਮਰ ਦੇ ਲੋਕ ਤੇ ਨੌਜਵਾਨ ਸੱਥ 'ਚ ਬੈਠੇ ਹਨ। ਸਭ ਦੀ ਜ਼ੁਬਾਨ 'ਤੇ ਕੈਪਟਨ ਸਰਕਾਰ ਦੇ ਕੱਲ੍ਹ ਦੇ ਪ੍ਰੋਗਰਾਮ ਦੀ ਚਰਚਾ ਹੈ। ਕੋਈ ਕਹਿੰਦਾ ਸਰਕਾਰ ਕਿੰਨਾ ਕੁ ਕਰੀ ਜਾਵੇ, ਲੋਕ ਵੀ ਤਾਂ ਕੁਝ ਕਰਨ। ਕੋਈ ਕਹਿੰਦਾ ਸਰਕਾਰਾਂ ਨੇ ਹੁਣ ਤੱਕ ਕੁਝ ਕੀਤਾ ਹੁੰਦਾ ਤਾਂ ਇਹ ਹਾਲਾਤ ਨਾ ਹੁੰਦੀ।

ਬਜ਼ੁਰਗ ਗੁਰਦੇਵ ਸਿੰਘ ਕਹਿੰਦੇ, "ਸਾਰੀਆਂ ਸਰਕਾਰਾਂ ਇੱਕੋ ਜਿਹੀਆਂ ਹਨ। ਕਦੇ ਕਿਸੇ ਨੇ ਕਿਸਾਨਾਂ ਦੀ ਸਾਰ ਨਹੀਂ ਲਈ। ਬੱਸ ਸਭ ਲਾਰੇ ਲਾਉਂਦੇ ਹਨ। ਸਰਕਾਰੀ ਲਾਰੇ ਕਿਸਾਨਾਂ ਨੂੰ ਖਾ ਜਾਣਗੇ। ਕੈਪਟਨ ਨੇ ਕਿਹਾ ਕੁਝ ਹੋਰ ਸੀ ਤੇ ਕਰ ਕੁਝ ਹੋਰ ਰਹੇ ਹਨ। ਇਹ ਲਾਰਿਆਂ ਨਾਲ ਖੁਦਕੁਸ਼ੀਆਂ ਵਧਣਗੀਆਂ। ਆਏ ਦਿਨ ਕਿਸਾਨ ਖੁਦਕੁਸ਼ੀਆਂ ਕਰ ਰਹੇ। ਸਰਕਾਰ ਨੂੰ ਕਿਸਾਨਾਂ ਦਾ ਕੋਈ ਫ਼ਿਕਰ ਨਹੀਂ ਹੈ।"

ਇੱਕ ਹੋਰ ਬਜ਼ੁਰਗ ਦਲੀਪ ਸਿੰਘ ਕਹਿੰਦੇ ਹਨ,"ਕਿਸਾਨੀ ਤੇ ਰੋਜ਼ਮਰਾ ਦੀ ਜ਼ਿੰਦਗੀ ਦੇ ਖਰਚੇ ਲਗਾਤਾਰ ਵਧ ਰਹੇ ਹਨ ਪਰ ਖੇਤੀ ਦੀ ਆਮਦਨ ਲਗਤਾਰ ਘੱਟ ਰਹੀ ਹੈ। ਅਜਿਹੇ ਹਲਾਤਾਂ 'ਚ ਕਿਸਾਨ ਕਿਵੇਂ ਬਚ ਸਕਦਾ। ਕਿਸਾਨ ਨੂੰ ਬਚਾਉਣਾ ਕਿਸੇ ਸਰਕਾਰ ਦੇ ਏਜੰਡੇ 'ਤੇ ਨਹੀਂ ਹੈ।"

ਹਰਦੇਵ ਸਿੰਘ ਦਾ ਕਹਿਣਾ ਹੈ,"ਜ਼ਿੰਦਗੀ ਬਹੁਤ ਦੇਖੀ ਹੈ। ਪਹਿਲਾਂ ਲੀਡਰ ਤੇ ਸਰਕਾਰਾਂ ਨੂੰ ਲੋਕਾਂ ਦਾ ਥੋੜ੍ਹਾ ਬਹੁਤ ਫ਼ਿਕਰ ਹੁੰਦਾ ਸੀ। ਹੁਣ ਤਾਂ ਲੀਡਰ ਨੂੰ ਲੋਕਾਂ ਦਾ ਕੋਈ ਫ਼ਿਕਰ ਨਹੀਂ ਰਿਹਾ। ਬੱਸ ਜ਼ਿੰਦਗੀ ਚੱਲ ਰਹੀ ਹੈ।"

ਪਿੰਡ ਦਾ ਨੌਜਵਾਨ ਦੀਪ ਸਿੰਘ ਕਹਿੰਦਾ ਹੈ, "ਬਾਦਲ ਹੋਵੇ ਚਾਹੇ ਕੈਪਟਨ। ਕੋਈ ਫ਼ਰਕ ਨਹੀਂ ਹੈ। ਨਸ਼ਾ ਵੀ ਪਹਿਲਾਂ ਵਾਂਗ ਹੈ ਤੇ ਖ਼ੁਦਕੁਸ਼ੀਆਂ ਵੀ ਪਹਿਲਾਂ ਵਾਂਗ ਹੋ ਰਹੀਆਂ ਹਨ। ਕੈਪਟਨ ਨੇ ਗੁਰਦਾਸ ਮਾਨ ਨੂੰ ਕੱਲ੍ਹ ਕਿਉਂ ਬੁਲਾਇਆ। ਉਹ ਨੂੰ 7 ਲੱਖ ਰੁਪਏ ਦੇ ਦਿੱਤੇ ਪਰ ਕਿਸਾਨਾਂ ਨੂੰ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਹਨ।"

ਕਿਸਾਨਾਂ ਦੇ ਅਜਿਹੇ ਵਤੀਰੇ ਤੋਂ ਸਾਫ ਝਲਕਦਾ ਹੈ ਕਿ ਉਹ ਸਰਕਾਰ ਦੀ ਇਸ ਕਰਜ਼ ਮੁਆਫ਼ੀ ਤੋਂ ਬਹੁਤੇ ਖੁਸ਼ ਨਹੀਂ ਹਨ। ਕਿਸਾਨ ਸਰਕਾਰਾਂ ਤੋਂ ਆਪਣੀ ਆਮਦਨ ਵਧਾਉਣ ਲਈ ਵਧੇਰੇ ਆਸਵੰਦ ਹਨ। ਉਨ੍ਹਾਂ ਸਰਕਾਰ ਦੀ ਇਸ ਰਾਹਤ ਨੂੰ ਨਾਕਾਫੀ ਕਰਾਰ ਦਿੱਤਾ ਹੈ।