ਤਰਨ ਤਾਰਨ: ਸਤੰਬਰ 1983 ਵਿੱਚ ਪੱਟੀ ਵਿੱਚ ਅੱਤਵਾਦੀਆਂ ਵੱਲੋਂ ਕਲੀਨਿਕ ਵਿੱਚ ਵੜ ਕੇ ਡਾ. ਸੁਦਰਸ਼ਨ ਕੁਮਾਰ ਤ੍ਰੇਹਨ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਸ ਮਾਮਲੇ ਵਿੱਚ ਜਾਂਚ ਕਰ ਰਹੀ ਸਿਟ ਵੱਲੋਂ ਸਪਲੀਮੈਂਟਰੀ ਚਲਾਨ ਪੇਸ਼ ਕਰਨ ਬਾਅਦ ਪੱਟੀ ਅਦਾਲਤ ਨੇ ਵਲਟੋਹਾ ਨੂੰ 13 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਦਰਅਸਲ ਉਸ ਵੇਲੇ ਇਸ ਮਾਮਲੇ ਵਿੱਚ ਹਰਦੇਵ ਸਿੰਘ ਤੇ ਬਲਦੇਵ ਸਿੰਘ ਨਾਂ ਦੇ ਦੋ ਅੱਤਵਾਦੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਕਤ ਅੱਤਵਾਦੀਆਂ ਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਖੇਮਕਰਨ ਤੋਂ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਦਾ ਨਾਂ ਲਿਆ ਸੀ। ਵਲਟੋਹਾ ਨੂੰ 1984 ਦੇ ਸਿੱਖ ਕਤਲੇਆਮ ਵਿੱਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। 1991 ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਪੁਲਿਸ ਨੇ ਉਦੋਂ ਤੋਂ ਇਸ ਮਾਮਲੇ ਵਿੱਚ ਚਲਾਨ ਪੇਸ਼ ਨਹੀਂ ਕੀਤਾ ਸੀ। ਇਸ ਦੇ ਬਾਅਦ ਇਹ ਮਾਮਲਾ ਜਦੋਂ ਦੁਬਾਰਾ ਉੱਠਿਆ ਤਾਂ ਇਸ ਮਾਮਲੇ ਦੀ ਜਾਂਚ ਲਈ ਸਿਟ ਟੀਮ ਬਣਾਈ ਗਈ। ਹੁਣ 35 ਸਾਲਾਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਪੱਟੀ ਅਦਾਲਤ ਵਿੱਚ ਸ਼ੁੱਕਰਵਾਰ ਨੂੰ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ। ਇੱਥੇ ਮਨੀਸ਼ ਗਰਗ ਦੀ ਅਦਾਲਤ ਨੇ ਵਲਟੋਹਾ ਨੂੰ 13 ਮਾਰਚ ਤਕ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਇਸ ਮਾਮਲੇ ਸਬੰਧੀ ਵਲਟੋਹਾ ਦਾ ਕਹਿਣਾ ਹੈ ਕਿ ਚੋਣਾਂ ਦੇ ਚੱਲਦਿਆਂ ਉਨ੍ਹਾਂ ਦੀ ਸ਼ਖ਼ਸੀਅਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਕੈਪਟਨ ਸਰਕਾਰ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਫਸਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਹੈ ਅਤੇ ਉਹ ਅਦਾਲਤ ਵਿੱਚ ਆਪਣਾ ਪੱਖ ਰੱਖਣਗੇ।
ਕਤਲ ਮਾਮਲੇ ਸਬੰਧੀ ਸਾਬਕਾ ਅਕਾਲੀ ਵਿਧਾਇਕ ਵਲਟੋਹਾ ਅਦਾਲਤ ’ਚ ਤਲਬ
ABP Sanjha
Updated at:
02 Feb 2019 11:31 AM (IST)
ਕਤਲ ਮਾਮਲੇ ਸਬੰਧੀ ਸਾਬਕਾ ਅਕਾਲੀ ਵਿਧਾਇਕ ਵਲਟੋਹਾ ਅਦਾਲਤ ’ਚ ਤਲਬ
akali legislator summoned