ਲੁਧਿਆਣਾ: ਸ਼ਹਿਰ ਦੇ ਬਹੁਕਰੋੜੀ ਸਿਟੀ ਸੈਂਟਰ ਘੁਟਾਲੇ ਵਿੱਚ ਸਰਕਾਰ ਦੇ ਦੋ ਵਿਭਾਗਾਂ ਦੇ ਆਪਸ ਵਿੱਚ ਸਿੰਙ ਫਸ ਗਏ ਹਨ। ਵਿਜੀਲੈਂਸ ਵਿਭਾਗ ਤੇ ਸਥਾਨਕ ਸਰਕਾਰਾਂ ਵਿਭਾਗ ਨੇ ਇਸ ਘਪਲੇ ਬਾਰੇ ਦੋ ਵੱਖ-ਵੱਖ ਤਰਕ ਦਿੱਤੇ ਹਨ। ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਦੇ ਵਕੀਲ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ।
ਇਸ ਮਾਮਲੇ ਨੂੰ ਬੰਦ ਕਰਨ ਲਈ ਵਿਜੀਲੈਂਸ ਵਿਭਾਗ ਨੇ ਕੈਂਸਲੇਸ਼ਨ ਰਿਪੋਰਟ ਪਾਈ ਹੋਈ ਹੈ, ਜਿਸ ਨੂੰ ਸੁਮੇਧ ਸਿੰਘ ਸੈਣੀ ਨੇ ਚੁਣੌਤੀ ਦਿੱਤੀ ਹੈ। ਸੈਣੀ ਦੇ ਵਕੀਲ ਰਮਨਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਵਿਜੀਲੈਂਸ ਤੇ ਇਸਤਗਾਸਾ ਧਿਰ ਕੈਪਟਨ ਅਮਰਿੰਦਰ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੰਧੂ ਮੁਤਾਬਕ ਵਿਜੀਲੈਂਸ ਵੱਲੋਂ ਕੇਸ ਬੰਦ ਕਰਨ ਦੀ ਰਿਪੋਰਟ ਪੇਸ਼ ਕਰਨ ਮਗਰੋਂ, ਸਥਾਨਕ ਸਰਕਾਰਾਂ ਵਿਭਾਗ ਨੇ ਅਦਾਲਤ ਵਿੱਚ ਇਸ 'ਤੇ ਇਤਰਾਜ਼ ਜਤਾਇਆ ਸੀ।
ਉਨ੍ਹਾਂ ਦੱਸਿਆ ਕਿ ਲੋਕ ਬਾਡੀਜ਼ ਵੱਲੋਂ ਕੀਤੀ ਜਾਂਚ ਵਿੱਚ 1500 ਕਰੋੜ ਦਾ ਘਪਲਾ ਦਰਸਾਇਆ ਗਿਆ ਹੈ। ਇਸ ਰਿਪੋਰਟ ਵਿੱਚ ਇੱਕ ਆਈਏਐਸ ਅਧਿਕਾਰੀ ਦਾ ਹਲਫ਼ੀਆ ਬਿਆਨ ਵੀ ਸ਼ਾਮਲ ਹੈ। ਇਸ ਵਿੱਚ ਸੈਂਟਰ ਦਾ ਨਿਰਮਾਣ ਕਰਨ ਵਾਲੀ ਟੁਡੇ ਕੰਪਨੀ ਵੱਲੋਂ ਘੁਟਾਲਾ ਕੀਤਾ ਦਰਸਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਵਿਜੀਲੈਂਸ ਅਫ਼ਸਰ ਉਸ ਐਫੀਡੈਵਿਟ ਨੂੰ ਗ਼ਲਤ ਦੱਸ ਰਹੇ ਹਨ, ਪਰ ਅਦਾਲਤ ਹੀ ਇਸ ਦਾ ਨਿਬੇੜਾ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਤੇ ਬਹਿਸ ਪੂਰੀ ਹੋ ਗਈ ਹੈ ਅਤੇ ਸੱਤ ਫਰਵਰੀ ਨੂੰ ਪਾਈ ਗਈ ਹੈ, ਜਿਸ ਦਿਨ ਸੈਣੀ ਦੇ ਵਕੀਲ ਵੱਲੋਂ ਆਪਣਾ ਪੱਖ ਪੇਸ਼ ਕੀਤਾ ਜਾਵੇਗਾ।