ਚੰਡੀਗੜ੍ਹ: ਪਠਾਨਕੋਟ ਅੱਤਵਾਦੀ ਹਮਲੇ ਮਗਰੋਂ ਚਰਚਾ ਵਿੱਚ ਆਏ ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅੱਜ ਗੁਰਦਾਸਪੁਰ ਅਦਾਲਤ ਨੇ ਬਲਾਤਕਾਰ ਦੇ ਕੇਸ ਦਾ ਫੈਸਲਾ ਸੁਣਾਉਂਦਿਆਂ ਸਲਵਿੰਦਰ ਨੂੰ ਦੋਸ਼ੀ ਕਰਾਰ ਦਿੱਤਾ। ਸਲਵਿੰਦਰ 'ਤੇ ਇੱਕ ਮਹਿਲਾ ਨੇ ਬਲਾਤਕਾਰ ਦੇ ਇਲਜ਼ਾਮ ਲਾਏ ਸੀ।
ਅਦਾਲਤ ਵੱਲੋਂ ਸਲਵਿੰਦਰ ਨੂੰ 21 ਫਰਵਰੀ ਨੂੰ ਸਜ਼ਾ ਸੁਣਾਵੇਗੀ। ਯਾਦ ਰਹੇ ਐਸਪੀ ਸਲਵਿੰਦਰ ਸਿੰਘ ਦਾ ਨਾਂ ਪਠਾਨਕੋਟ ਅੱਤਵਾਦੀ ਹਮਲੇ ਕਰਕੇ ਚਰਚਾ ਵਿੱਚ ਆਇਆ ਸੀ। ਦਰਅਸਲ ਪਠਾਨਕੋਟ ਅੱਤਵਾਦੀ ਹਮਲੇ ਤੋਂ ਪਹਿਲਾਂ ਐਸਪੀ ਸਲਵਿੰਦਰ ਦੀ ਗੱਡੀ ਅੱਤਵਾਦੀਆਂ ਨੇ ਖੋਹੀ ਸੀ। ਇਸ ਤੋਂ ਬਾਅਦ ਐਸਪੀ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਸੀ।
ਸਲਵਿੰਦਰ ਨੇ ਉਸ ਵੇਲੇ ਕਿਹਾ ਸੀ ਕਿ ਉਸ ਨੂੰ ਪਾਕਿਸਤਾਨੀ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ। ਇਸ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਸਲਵਿੰਦਰ ਕੋਲੋਂ ਪੁੱਛਗਿੱਛ ਕੀਤੀ ਸੀ। ਵਿਵਾਦਾਂ ਵਿੱਚ ਘਿਰਨ ਕਰਕੇ ਪੰਜਾਬ ਸਰਕਾਰ ਨੇ ਸਲਵਿੰਦਰ ਸਿੰਘ ਨੂੰ ਜਬਰੀ ਸੇਵਾਮੁਕਤ ਕਰ ਦਿੱਤਾ ਸੀ।