ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ 40 ਜਵਾਨਾਂ ਨੂੰ ਗਵਾਉਣ ਮਗਰੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਸੇ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੱਡਾ ਬਿਆਨ ਦਿੰਦਿਆਂ ਇਸ ਹਮਲੇ ਨੂੰ ਨਿੰਦਣਯੋਗ ਤੇ ਕਾਇਰਤਾ ਭਰਪੂਰ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੱਲਬਾਤ ਰਾਹੀਂ ਇਸ ਦਾ ਪੱਕਾ ਹੱਲ ਕੱਢਿਆ ਜਾਣਾ ਚਾਹੀਦਾ ਹੈ।


ਕਾਂਗਰਸ ਦੇ ਉੱਘੇ ਲੀਡਰ ਸਿੱਧੂ ਨੇ ਸਵਾਲ ਚੁੱਕਦਿਆਂ ਕਿਹਾ ਕਿ ਸਾਡੇ ਜਵਾਨ ਕਦੋਂ ਤਕ ਆਪਣੀਆਂ ਜਾਨਾਂ ਗਵਾਉਂਦੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਲੋਕ ਪੁਲਵਾਮਾ ਹਮਲੇ ਵਿੱਚ ਸ਼ਾਮਲ ਹਨ, ਉਨ੍ਹਾਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇ। ਸਿੱਧੂ ਨੇ ਸੰਜਮ ਤੋਂ ਕੰਮ ਲੈਣ ਦੀ ਸਲਾਹ ਦਿੰਦਿਆਂ ਕਿਹਾ ਕਿ ਕਿਸੇ ਨੂੰ ਗਾਲ਼ਾਂ ਕੱਢਣ ਨਾਲ ਕੋਈ ਹੱਲ ਨਹੀਂ ਹੋਣਾ। ਉੱਧਰ, ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸਮੇਂ ਪੂਰੀ ਵਿਰੋਧੀ ਧਿਰ ਸਰਕਾਰ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਕੋਈ ਵੀ ਤਾਕਤ ਤੋੜ ਨਹੀਂ ਸਕਦੀ ਨਾ ਕੋਈ ਸਾਨੂੰ ਵੰਡ ਸਕਦਾ ਹੈ।

ਇਹ ਵੀ ਪੜ੍ਹੋ- ਪੁਲਵਾਮਾ 'ਚ #CRPF 'ਤੇ ਹੋਏ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ 4 ਸਪੂਤ

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਦਹਿਸ਼ਤੀ ਹਮਲਾ ਹੋਇਆ। ਉਸ ਸਮੇਂ ਸੀਆਰਪੀਐਫ ਦੇ 2500 ਤੋਂ ਵੱਧ ਜਵਾਨਾਂ ਦਾ ਕਾਫ਼ਲਾ ਗੁਜ਼ਰ ਰਿਹਾ ਸੀ ਤਾਂ ਆਤਮਘਾਤੀ ਹਮਲਾ ਕਰਦਿਆਂ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦ ਨੇ ਧਮਾਕਾਖੇਜ ਸਮੱਗਰੀ ਨਾਲ ਲੱਦੀ ਕਾਰ ਨਾਲ ਜਵਾਨਾਂ ਦੀ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਮਲੇ ਵਿੱਚ 40 ਜਵਾਨ ਹਲਾਕ ਹੋ ਚੁੱਕੇ ਹਨ।