ਜਲੰਧਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜੂਨ ਮਹੀਨੇ ਜਲੰਧਰ 'ਚ ਵੱਡਾ ਐਕਸ਼ਨ ਕੀਤਾ ਸੀ। ਸਿੱਧੂ ਨੇ ਵਿਧਾਇਕ ਪਰਗਟ ਸਿੰਘ ਤੇ ਅਫਸਰਾਂ ਨੂੰ ਨਾਲ ਲਾ ਕੇ ਗ਼ਲਤ ਤਰੀਕੇ ਨਾਲ ਬਣੀਆਂ ਕਮਰਸ਼ੀਅਲ ਇਮਾਰਤਾਂ ਦੀ ਜਾਂਚ ਕੀਤੀ ਸੀ। ਉਨ੍ਹਾਂ ਨੇ ਅੱਠ ਅਫਸਰ ਮੌਕੇ 'ਤੇ ਸਸਪੈਂਡ ਕਰ ਦਿੱਤੇ ਸਨ। ਹੁਣ ਇਨ੍ਹਾਂ ਵਿੱਚੋਂ ਚਾਰ ਅਫਸਰਾਂ ਨੂੰ ਬਹਾਲ ਕਰਨ ਦੇ ਹੁਕਮ ਜਾਰੀ ਹੋ ਗਏ ਹਨ। ਸਿੱਧੂ ਦੇ ਤੂਫ਼ਾਨੀ ਦੌਰੇ ਤੋਂ ਬਾਅਦ ਨਗਰ ਨਿਗਮ ਅਫਸਰਾਂ ਨੇ 93 ਇਮਾਰਤਾਂ ਦੀ ਲਿਸਟ ਵਿੱਚੋਂ ਹਰੇਕ ਇਮਾਰਤ ਦੀ ਫਿਰ ਜਾਂਚ ਕੀਤੀ। ਇਮਾਰਤਾਂ ਨੂੰ ਸੀਲ ਕਰਕੇ ਰਿਪੋਰਟ ਚੰਡੀਗੜ੍ਹ ਭੇਜ ਦਿੱਤੀ ਸੀ। ਹੁਣ ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਇਨ੍ਹਾਂ ਸਾਰੀਆਂ ਬਿਲਡਿੰਗਾਂ ਦੀ ਸੀਲ ਖੁੱਲ੍ਹਵਾਉਣ ਜਾ ਰਹੇ ਹਨ। ਰਾਜਾ ਦਾ ਕਹਿਣਾ ਹੈ ਕਿ ਜਦੋਂ ਪਾਲਿਸੀ ਆਵੇਗੀ ਤਾਂ ਬਿਲਡਿੰਗਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ। ਜ਼ਾਹਿਰ ਤੌਰ 'ਤੇ ਇਹ ਸਾਰੀਆਂ ਕੋਸ਼ਿਸ਼ਾਂ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੁੰਦੀਆਂ ਨਜ਼ਰ ਆ ਰਹੀਆਂ ਹਨ।