ਅੰਮ੍ਰਿਤਸਰ: ਅਯੁੱਧਿਆ ਵਿਖੇ ਉਸਾਰੇ ਜਾ ਰਹੇ ਰਾਮ ਮੰਦਰ ਸਬੰਧੀ ਦੇਸ਼ ਵਾਸੀਆਂ ਕੋਲੋਂ ਦਸਵੰਦ ਇਕੱਠਾ ਕਰਨ ਲਈ 'ਸ਼੍ਰੀ ਰਾਮ ਜਨਮ ਭੂਮੀ ਨਿਧੀ ਸਮਰਪਣ ਅਭਿਆਨ' ਅੱਜ ਇਤਿਹਾਸਕ ਰਾਮ ਤੀਰਥ ਮੰਦਰ 'ਚ ਅਰਦਾਸ ਕਰਕੇ ਭਗਵਾਨ ਵਾਲਮੀਕੀ ਜੀ ਤੋਂ ਅਸ਼ੀਰਵਾਦ ਲੈ ਕੇ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਆਰਐਸਐਸ ਪ੍ਰਦੇਸ਼ ਸਹਿ ਸੰਘ ਸੰਚਾਲਕ ਰਜਨੀਸ਼ ਅਰੋੜਾ ਤੇ ਭਾਜਪਾ ਦੇ ਸੀਨੀਅਰ ਲੀਡਰ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਰਹੇ।
ਅੱਜ ਮਕਰ ਸੰਕ੍ਰਾਂਤੀ ਮੌਕੇ ਅਸ਼ੀਰਵਾਦ ਲੈਣ ਤੋਂ ਬਾਅਦ ਭਲਕੇ ਤੋਂ ਇਸ ਸਬੰਧੀ ਬਣਾਈ ਕਮੇਟੀ ਦੇ ਨੁਮਾਇੰਦੇ ਹਰ ਘਰ 'ਚ ਜਾਣਗੇ। ਪੂਰੇ ਦੇਸ਼ 'ਚ ਇਹ ਅਭਿਆਨ ਅੱਜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਤੇ 27 ਫਰਵਰੀ ਤਕ ਇਹ ਅਭਿਆਨ ਮੁਕੰਮਲ ਕਰ ਲਿਆ ਜਾਵੇਗਾ। ਰਾਮ ਮੰਦਰ ਦੀ ਉਸਾਰੀ ਲਈ ਕੋਈ ਵੀ ਵਿਅਕਤੀ 10 ਰੁਪਏ ਤੋਂ ਲ਼ੈ ਕੇ 10 ਕਰੋੜ ਰੁਪਏ ਤਕ ਦਾਨ ਕਰਕੇ ਪਰਚੀ ਕਟਵਾ ਸਕਦਾ ਹੈ ਤੇ ਇਸ ਲਈ ਬਕਾਇਦਾ ਕੂਪਨ ਦਿੱਤੇ ਜਾਣਗੇ।
ਆਰਐਸਐਸ ਲੀਡਰ ਰਜਨੀਸ਼ ਅਰੋੜਾ ਦਾ ਕਹਿਣਾ ਹੈ ਕਿ ਇਹ ਅਭਿਆਨ ਪੂਰੀ ਤਰ੍ਹਾਂ ਗੈਰ ਰਾਜਨੀਤਕ ਰਹੇਗਾ ਤੇ ਹਰੇਕ ਦੇਸ਼ਵਾਸੀ ਦਾ ਇਸ 'ਚ ਯੋਗਦਾਨ ਰਹੇ, ਇਸ ਨੂੰ ਧਿਆਨ 'ਚ ਰੱਖਦੇ ਹੋਏ ਹੀ ਇਹ ਅਭਿਆਨ ਚਲਾਇਆ ਜਾਵੇਗਾ। ਅਰੋੜਾ ਮੁਤਾਬਕ ਡੇਢ ਮਹੀਨੇ ਤਕ ਚੱਲਣ ਵਾਲੇ ਇਸ ਅਭਿਆਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਅੱਜ ਅਹਿਦ ਲਿਆ ਗਿਆ ਹੈ।
ਦੁਰਗਿਆਨਾ ਮੰਦਰ ਕਮੇਟੀ ਦੇ ਜਨਰਲ ਸਕੱਤਰ ਵਿਪਨ ਖੁਰਾਣਾ ਨੇ ਕਿਹਾ ਕਿ ਇਸ ਅਭਿਆਨ 'ਚ ਸਾਰੀਆਂ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਕੀਤੇ ਗਏ ਹਨ ਤੇ ਦੁਰਗਿਆਣਾ ਮੰਦਰ ਕਮੇਟੀ ਵੱਲੋਂ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦੇ ਕਾਰਜ 'ਚ ਪੂਰਨ ਸਹਿਯੋਗ ਦਿੱਤਾ ਜਾਵੇਗਾ। ਭਾਜਪਾ ਐਮਪੀ ਸ਼ਵੇਤ ਮਲਿਕ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਰਾਮ ਮੰਦਰ ਸਾਰੇ ਦੇਸ਼ਵਾਸੀਆਂ ਦਾ ਸਾਂਝਾ ਮੰਦਰ ਹੈ ਤੇ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਕਾਰਜ 'ਚ ਯੋਗਦਾਨ ਪਾਉਣਾ ਚਾਹੀਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ