ਗੈਂਗਸਟਰ ਦਿਲਪ੍ਰੀਤ ਖਿਲਾਫ ਸਾਹਮਣੇ ਆਉਣ ਲੱਗੇ ਪੀੜਤ
ਏਬੀਪੀ ਸਾਂਝਾ | 18 Jul 2018 02:48 PM (IST)

ਰੋਪੜ: ਜ਼ਿਲ੍ਹੇ ਦੇ ਪਿੰਡ ਬ੍ਰਾਹਮਣ ਮਾਜਰਾ ਦੇ ਕਤਲ ਹੋਏ ਦੇਸਰਾਜ ਦੇ ਪਰਿਵਾਰ ਮੈਂਬਰਾਂ ਨੇ ਕਿਹਾ ਹੈ ਕਿ ਗੈਂਗਸਟਰ ਦਿਲਪ੍ਰੀਤ ਬਾਬਾ ਨੇ 7 ਅਪਰੈਲ, 2017 ਨੂੰ ਘਰ ਵਿੱਚ ਵੜ ਕੇ ਉਸ ਦਾ ਕਤਲ ਕੀਤਾ ਸੀ। ਦੇਸ ਰਾਜ ਉਰਫ ਮੱਲ ਦੇ ਕਤਲ ਮਗਰੋਂ ਗੈਂਗਸਟਰ ਦਿਲਪ੍ਰੀਤ ਵੱਲੋਂ ਪਰਿਵਾਰ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਦੇਸਰਾਜ ਦੇ ਪਰਿਵਾਰ ਨੇ ਗੈਂਗਸਟਰ ਦਿਲਪ੍ਰੀਤ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੇਸ ਰਾਜ ਦੇ ਬੇਟੇ ਕਮਲਜੀਤ ਸਿੰਘ ਨੇ ਦੱਸਿਆ ਕਿ ਸੱਤ ਅਪਰੈਲ ਨੂੰ ਸਵੇਰੇ ਤਿੰਨ ਵਜੇ ਗੈਂਗਸਟਰ ਦਿਲਪ੍ਰੀਤ ਬਾਬਾ ਆਪਣੇ ਸਾਥੀਆਂ ਨਾਲ ਉਨ੍ਹਾਂ ਦੇ ਘਰ ਆਇਆ ਸੀ। ਉਸ ਨੂੰ ਪਿਸਤੌਲ ਦੀ ਨੌਕ 'ਤੇ ਉਸ ਦੇ ਪਿਤਾ ਦੇਸ ਰਾਜ ਦੇ ਬਾਰੇ ਪੁੱਛਿਆ। ਦੇਸ ਰਾਜ ਦੇ ਕਮਰੇ ਵਿੱਚ ਜਾ ਕੇ ਦਿਲਪ੍ਰੀਤ ਬਾਬਾ ਨੇ ਤਿੰਨ ਗੋਲੀਆਂ ਚਲਾਈਆਂ ਜਿਸ ਕਾਰਨ ਉਸ ਦੇ ਪਿਤਾ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਕਰਨਜੀਤ ਮੁਤਾਬਕ ਉਸ ਦੇ ਪਿਤਾ ਦੇ ਕਤਲ ਮਗਰੋਂ ਗੈਂਗਸਟਰ ਦਿਲਪ੍ਰੀਤ ਆਪਣੇ ਸਾਥੀਆਂ ਨਾਲ ਉੱਥੋਂ ਲਲਕਾਰੇ ਮਾਰਦਾ ਹੋਇਆ, ਉੱਥੋਂ ਆਈ 20 ਕਾਰ ਵਿੱਚ ਚਲਾ ਗਿਆ ਸੀ। ਕਰਨਜੀਤ ਨੇ ਪੁਲਿਸ ਕਾਰਵਾਈ 'ਤੇ ਪ੍ਰਸ਼ਨ ਚਿੰਨ੍ਹ ਲਉਂਦੇ ਹੋਏ ਕਿਹਾ ਕਿ ਉਸ ਦੇ ਪਿਤਾ ਦੇ ਕਤਲ ਤੋਂ 48 ਘੰਟੇ ਦੇ ਵਿੱਚ ਹੀ ਚੰਡੀਗੜ੍ਹ ਦੇ ਸੈਕਟਰ 38 ਵਿੱਚ ਸਰਪੰਚ ਸਤਨਾਮ ਸਿੰਘ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕਤਲ ਕਰ ਦਿੱਤਾ ਸੀ। ਉਸ ਨੇ ਕਿਹਾ ਕਿ ਦਿਲਪ੍ਰੀਤ ਵੱਲੋਂ ਲਗਾਤਾਰ ਉਸ ਦੇ ਪਰਿਵਾਰ ਨੂੰ ਬਾਅਦ ਵਿੱਚ ਵੀ ਧਮਕੀਆਂ ਦਿੱਤੀ ਜਾਂਦੀ ਰਹੀਆਂ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਦੇਸ ਰਾਜ ਦੀ ਪਤਨੀ ਬਲਵੀਰ ਕੌਰ ਤੇ ਪੁੱਤਰ ਕਰਨਜੀਤ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਿਲਪ੍ਰੀਤ ਬਾਬਾ ਨੂੰ ਜਦੋਂ ਗ੍ਰਿਫਤਾਰ ਕਰ ਹੀ ਲਿਆ ਗਿਆ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇ।