ਫ਼ਰੀਦਕੋਟ: ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਲਾਰੇਂਸ ਬਿਸ਼ਨੋਈ ਗੈਂਗ ਦਾ ਇੱਕ ਹੋਰ ਕਾਰਨਾਮਾ ਸਾਹਮਣੇ ਆਉਣ ਨਾਲ ਜੇਲ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਬੀਤੀ ਰਾਤ ਕਰੀਬ 8 ਵਜੇ ਫ਼ਰੀਦਕੋਟ ਦੇ ਪਿੰਡ ਸੂਰਘੁਰੀ ਨਿਵਾਸੀ ਪਾਲਾ ਬਰਾੜ ਦੇ ਫੇਸਬੁਕ ਅਕਾਊਂਟ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਗੈਂਗਸਟਰ ਭੋਲਾ ਸ਼ੂਟਰ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ। ਇਹ ਤਸਵੀਰਾਂ ਜੇਲ੍ਹ ਦੇ ਅੰਦਰੋਂ ਹੀ ਲਈਆਂ ਗਈਆਂ ਹਨ।
ਗੈਂਗਸਟਰ ਭੋਲਾ ਸ਼ੂਟਰ ਫ਼ਰੀਦਕੋਟ ਦੇ ਗੈਂਗਸਟਰ ਲਵੀ ਦਿਓੜਾ ਦੇ ਕਤਲ ਦੇ ਮਾਮਲੇ ਵਿੱਚ ਜੇਲ੍ਹ ’ਚ ਬੰਦ ਹੈ। ਇਸ ‘ਏ’ ਸ਼੍ਰਣੀ ਦੇ ਗੈਂਗਸਟਰ ਖ਼ਿਲਾਫ਼ ਕਈ ਮਾਮਲੇ ਦਰਜ ਹਨ। ਇਸ ਮਾਮਲੇ ਸਬੰਧੀ ਫਰੀਦਕੋਟ ਦੇ ਐਸ.ਪੀ. ਦੀਪਕ ਪਾਰਿਕ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਤਸਵੀਰਾਂ ਸਾਹਮਣੇ ਆਉਣ ਪਿੱਛੋਂ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਗੈਂਗਸਟਰ ਰਹਿ ਚੁੱਕਾ ਲੱਖਾ ਸਿਧਾਣਾ ਜੇਲ੍ਹ ਅੰਦਰੋਂ ਫੇਸਬੁਕ ’ਤੇ ਲਾਈਵ ਹੋਇਆ ਸੀ।