ਚੰਡੀਗੜ੍ਹ: ਨਾਭਾ ਜੇਲ੍ਹ ਵਿੱਚ ਸੰਨ੍ਹ ਲਗਾ ਕੇ ਭਜਾਏ ਗਏ ਗੈਂਗਸਟਰਾਂ ਨੇ ਪੁਲਿਸ ਨੂੰ ਸੁੱਕਣੇ ਪਾਇਆ ਹੋਇਆ ਹੈ। ਪਹਿਲਾਂ ਤਾਂ ਗੈਂਗਸਟਰਾਂ ਦਾ ਜੇਲ੍ਹ ਵਿੱਚੋਂ ਭੱਜਣ ਵਿੱਚ ਸਫਲ ਰਹਿਣਾ ਹੀ ਪੁਲਿਸ ਲਈ ਨਮੋਸ਼ੀ ਭਰਿਆ ਸੀ, ਪਰ ਹੁਣ ਇਨ੍ਹਾਂ ਦੀਆਂ ਵਧਦੀਆਂ ਕਾਰਵਾਈਆਂ ਰੋਕਣ ਵਿੱਚ ਅਸਫਲਤਾ ਪੁਲਿਸ ਦਾ ਮੂੰਹ ਚਿੜਾ ਰਹੀ ਹੈ। ਨਾਭਾ ਜੇਲ੍ਹ ਵਿੱਚੋਂ ਭੱਜੇ ਗੈਂਗਸਟਰਾਂ ਵਿੱਚੋਂ ਸਭ ਤੋਂ ਮਸ਼ਹੂਰ ਗੈਂਗਸਟਰ ਵਿੱਕੀ ਗੌਂਡਰ ਦੀ ਫੇਸਬੁੱਕ ਇੱਕ ਵਾਰ ਮੁੜ ਅਪਡੇਟ ਕੀਤੀ ਗਈ ਹੈ। ਇਸ ਵਿੱਚ ਉਹ ਵਿਦੇਸ਼ੀ ਧਰਤੀ 'ਤੇ ਕਿਸੇ ਏਅਰਪੋਰਟ 'ਤੇ ਖੜ੍ਹਾ ਵਿਖਾਈ ਦਿੱਤਾ ਹੈ।
ਏਅਰ ਪੋਰਟ ਦੀ ਇਸ ਫ਼ੋਟੋ ਵਿੱਚ ਵਿੱਕੀ ਗੌਂਡਰ ਨੇ ਆਪਣੇ ਦੁਸਮਣਾਂ ਦੇ ਨਾਂ ਸੁਨੇਹਾ ਵੀ ਲਿਖਿਆ ਹੈ ਕਿ ਤੁਹਾਡੀ ਮੌਤ ਕੁਝ ਦੇਰ ਲਈ ਟਲ ਗਈ ਹੈ ਪਰ ਜਲਦ ਸਬਕ ਸਿਖਾਇਆ ਜਾਵੇਗਾ।

ਵਿੱਕੀ ਦੇ ਇਸ ਫੇਸਬੁੱਕ ਪੋਸਟ ਨਾਲ ਇੱਕ ਵਾਰ ਫੇਰ ਸਵਾਲ ਖੜ੍ਹਾ ਹੋਇਆ ਹੈ ਕਿ ਗੈਂਗਸਟਰਾਂ ਦੇ ਫੇਸਬੁੱਕ ਪ੍ਰੋਫਾਈਲ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਜਦਕਿ, ਕੁਝ ਦਿਨ ਪਹਿਲਾਂ ਏ.ਡੀ.ਜੀ.ਪੀ. ਰੋਹਿਤ ਚੌਧਰੀ ਨੇ ਇਹ ਫੇਸਬੁੱਕ ਖਾਤੇ ਸੀਜ਼ ਕਰਵਾਏ ਜਾਣ ਦੀ ਗੱਲ ਕਹੀ ਸੀ। ਇਸ ਪੋਸਟ ਨੇ ਇੱਕ ਵਾਰ ਫੇਰ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ।