ਚੰਡੀਗੜ੍ਹ: ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਜੈਵਲਿਨ ਥ੍ਰੋਅ ਈਵੈਂਟ 'ਚ ਫਾਈਨਲ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਪੰਜਾਬ ਦੇ ਦਵਿੰਦਰ ਸਿੰਘ ਕੰਗ ਦਾ ਦਰਦ ਸਿਆਸੀ ਆਗੂਆਂ ਦੀ ਜ਼ੁਬਾਨ 'ਤੇ ਵੀ ਆ ਗਿਆ ਹੈ। ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਦਵਿੰਦਰ ਦੇ ਹੱਕ 'ਚ ਆਵਾਜ਼ ਚੁੱਕੀ ਹੈ। ਦੂਜੇ ਪਾਸੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਵੀ ਦਵਿੰਦਰ ਨੂੰ ਸਰਕਾਰ ਵੱਲੋਂ ਅਣਗੌਲਿਆਂ ਕਰਨ 'ਤੇ ਅਫਸੋਸ ਜਤਾਇਆ ਹੈ। ਸੁਖਪਾਲ ਖਹਿਰਾ ਦਾ ਕਹਿਣਾ ਹੈ ਪੰਜਾਬ ਸਰਕਾਰ ਦਾ ਖਿਡਾਰੀਆਂ ਪ੍ਰਤੀ ਰਵਈਆ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਪੰਜਾਬ ਦੇ ਹੋਣਹਾਰ ਖਿਡਾਰੀ ਪੰਜਾਬ ਨੂੰ ਛੱਡ ਦੂਜੇ ਰਾਜਾਂ 'ਚ ਖੇਡਣ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਸਰਕਾਰ ਵੱਲੋਂ ਹੁਣ ਤੱਕ ਖਿਡਾਰੀਆਂ ਦੇ ਹੱਕ 'ਚ ਕੋਈ ਠੋਸ ਖੇਡ ਨੀਤੀ ਨਾ ਬਣਾਏ ਜਾਣ 'ਤੇ ਵੀ ਦੁੱਖ ਜਾਹਿਰ ਕੀਤਾ। ਖਹਿਰਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਦਵਿੰਦਰ ਦਾ ਦਰਦ ਸਮਝਦਿਆਂ ਉਸ ਨੂੰ ਬਣਦਾ ਹੱਕ ਜ਼ਰੂਰ ਦੇਣਾ ਚਾਹੀਦਾ ਹੈ। ਦੂਜੇ ਪਾਸੇ ਚੀਮਾ ਦਾ ਕਹਿਣਾ ਹੈ ਕਿ ਖਿਡਾਰੀ ਜਿਸ ਵੀ ਚੈਂਪੀਅਨਸ਼ਿਪ 'ਚ ਹਿੱਸਾ ਲੈਂਦੇ ਹਨ, ਉਨ੍ਹਾਂ ਲਈ ਰਾਸ਼ੀ ਤੈਅ ਕਰਨੀ ਬਹੁਤ ਜ਼ਰੂਰੀ ਹੈ ਪਰ ਚੀਮਾ ਦੇ ਇਸ ਬਿਆਨ 'ਤੇ ਸਵਾਲ ਉੱਠਣੇ ਲਾਜ਼ਮੀ ਹਨ ਕਿਉਂਕਿ ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਦੀ ਸਰਕਾਰ ਰਹੀ ਹੈ। ਦਵਿੰਦਰ ਨੇ ਇਸ ਸਮੇਂ ਦੌਰਾਨ ਕਈ ਵਾਰ ਦੇਸ਼ ਦੀ ਪ੍ਰਤੀਨਿਧਤਾ ਕਰਦਿਆਂ ਚੰਗਾ ਪ੍ਰਦਰਸ਼ਨ ਕੀਤਾ ਪਰ ਉਸ ਵੇਲੇ ਵੀ ਸਰਕਾਰ ਨੇ ਕੰਗ ਨੂੰ ਕੁਝ ਨਹੀਂ ਦਿੱਤਾ।