ਆ ਦੇਖ ਲਵੋ ਪੰਜਾਬ 'ਚ ਕੁੜੀਆਂ ਪ੍ਰਤੀ ਸੋਚ...
ਏਬੀਪੀ ਸਾਂਝਾ | 18 Aug 2017 03:58 PM (IST)
ਬਰਨਾਲਾ: ਮਹਿਲ ਕਲਾਂ ਬਲਾਕ ਦੇ ਨੇੜਲੇ ਪਿੰਡ ਚੰਨਣਵਾਲ ਦੀ ਦਸਵੀਂ ਜਮਾਤ ਵਿੱਚ ਪੜ੍ਹਦੀ ਲੜਕੀ ਅਨਮੋਲ ਕੌਰ ਦੀ ਭੇਤਭਰੀ ਹਾਲਤ ਵਿੱਚ ਕਰੀਬ ਦੋ ਮਹੀਨੇ ਪਹਿਲਾਂ ਹੋਈ ਮੌਤ ਦੇ ਮਾਮਲੇ ਨੇ ਨਵਾਂ ਰੂਪ ਧਾਰ ਲਿਆ ਹੈ। ਪੰਜਾਬੀ ਟ੍ਰਿਬਿਉਨ ਦੀ ਖ਼ਬਰ ਮੁਤਾਬਿਕ ਪੁਲੀਸ ਵੱਲੋਂ ਕੀਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਲੜਕੀ ਦੀ ਮੌਤ ਅਚਾਨਕ ਵਾਪਰੀ ਘਟਨਾ ਨਹੀਂ ਸੀ ਸਗੋਂ ਮਾਮਿਆਂ ਨੇ ਕਥਿਤ ਤੌਰ ’ਤੇ ਗੋਲੀ ਮਾਰ ਕੇ ਉਸ ਦਾ ਕਤਲ ਕੀਤਾ ਸੀ। ਪੁਲੀਸ ਨੇ ਉਦੋਂ ਲੜਕੀ ਦੀ ਮਾਂ ਦੇ ਬਿਆਨਾਂ ’ਤੇ 174 ਤਹਿਤ ਕਾਰਵਾਈ ਕੀਤੀ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਲਾਇਸੈਂਸੀ ਬੰਦੂਕ ਵਿੱਚੋਂ ਅਚਾਨਕ ਗੋਲੀ ਲੱਗਣ ਨਾਲ ਉਸ ਦੀ ਧੀ ਦੀ ਮੌਤ ਹੋ ਗਈ ਹੈ। ਥਾਣਾ ਟੱਲੇਵਾਲ ਦੇ ਮੁੱਖ ਅਫ਼ਸਰ ਇੰਸਪੈਕਟਰ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਲੜਕੀ ਦੇ ਚਾਲ-ਚਲਣ ਉੱਪਰ ਉਸ ਦੇ ਮਾਪਿਆਂ ਨੂੰ ਸ਼ੱਕ ਸੀ ਜਿਸ ਕਰ ਕੇ ਮਾਮੇ ਵੱਲੋਂ ਲੜਕੀ ਦੇ ਪਿਤਾ ਦੀ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਕੇ ਅਨਮੋਲ ਕੌਰ ਦਾ ਕਤਲ ਕਰ ਦਿੱਤਾ ਗਿਆ। ਮਾਮਲੇ ’ਤੇ ਪਰਦਾ ਪਾਉਣ ਲਈ ਇਸ ਨੂੰ ਹੋਰ ਰੂਪ ਦੇ ਦਿੱਤਾ ਗਿਆ। ਹੁਣ ਪੁਲੀਸ ਨੇ ਲੜਕੀ ਦੀ ਮਾਂ ਸਮੇਤ ਉਸ ਦੇ ਦੋ ਮਾਮਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਥਾਣਾ ਟੱਲੇਵਾਲ ਵਿੱਚ ਕੇਸ ਦਰਜ ਕਰ ਲਿਆ ਹੈ। ਇੰਸਪੈਕਟਰ ਨੇ ਦੱਸਿਆ ਕਿ ਅਵਤਾਰ ਸਿੰਘ ਉਰਫ਼ ਸੰਨੀ ਵਾਸੀ ਚੰਨਣਵਾਲ ਨੇ ਇਤਲਾਹ ਦਿੱਤੀ ਸੀ ਕਿ ਉਹ ਘਟਨਾ ਵਾਲੇ ਦਿਨ ਰੌਲਾ ਸੁਣ ਕੇ ਮ੍ਰਿਤਕਾ ਦੇ ਘਰ ਗਿਆ ਸੀ ਜਿਥੇ ਲੜਕੀ ਖੂਨ ਨਾਲ ਲੱਥਪਥ ਹੋਈ ਪਈ ਸੀ ਜਿਸ ਨੂੰ ਐਂਬੂਲੈਂਸ ਦਾ ਇੰਤਜ਼ਾਮ ਕਰਕੇ ਸਿਵਲ ਹਸਪਤਾਲ ਬਰਨਾਲਾ ਪਹੁੰਚਾਇਆ ਗਿਆ ਅਤੇ ਰਸਤੇ ਵਿੱਚ ਲੜਕੀ ਨੇ ਸਾਰੀ ਘਟਨਾ ਬਿਆਨ ਕੀਤੀ, ਬਾਅਦ ਵਿੱਚ ਲੜਕੀ ਨੂੰ ਲੁਧਿਆਣਾ ਰੈਫਰ ਕਰ ਦਿਤਾ ਜਿਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਅਵਤਾਰ ਸਿੰਘ ਦੇ ਬਿਆਨਾਂ ਅਨੁਸਾਰ ਲੜਕੀ ਦੀ ਮਾਂ ਵੀਰਪਾਲ ਕੌਰ ਵਾਸੀ ਚੰਨਣਵਾਲ, ਮਾਮੇ ਅਮਰੀਕ ਸਿੰਘ ਵਾਸੀ ਰਾਮੂਵਾਲ ਕਲਾਂ ਜ਼ਿਲ੍ਹਾ ਮੋਗਾ ਅਤੇ ਰਿਸ਼ਤੇਦਾਰੀ ਵਿੱਚੋਂ ਮਾਮਾ ਲਗਦੇ ਜਸਵੀਰ ਸਿੰਘ ਬੱਬੀ ਵਾਸੀ ਰਾਹਲਾਂ ਦੇ ਕੋਠੇ ਜਗਰਾਉਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲੀਸ ਨੇ ਵਾਰਦਾਤ ਲਈ ਵਰਤੀ ਗਈ ਬੰਦੂਕ ਵੀ ਬਰਾਮਦ ਕਰ ਲਈ ਜਾਵੇਗੀ।