ਤਰਨ ਤਾਰਨ: ਪਿਛਲੇ ਦਹਾਕੇ ਦੌਰਾਨ ਪੰਜਾਬ ਵਿੱਚ ਪੈਦਾ ਹੋਏ ਗੈਂਗ ਸਰਕਾਰ ਤੇ ਪੁਲਿਸ ਲਈ ਸਿਰਦਰਦੀ ਬਣ ਗਈ ਹੈ। ਕੱਲ੍ਹ ਤਰਨ ਤਾਰਨ ਵਿੱਚ ਹੋਈ ਲੜਾਈ ਤੋਂ ਬਾਅਦ ਇਹ ਗੈਂਗਵਾਰ ਹੋਰ ਤਿੱਖੀ ਹੋ ਸਕਦੀ ਹੈ। ਬੰਬੀਹਾ ਗੈਂਗ ਤੇ ਜੱਗੀ ਗੈਂਗ ਫੇਸਫੁਕ 'ਤੇ ਇੱਕ-ਦੂਜੇ ਨੂੰ ਵੰਗਾਰ ਰਹੇ ਹਨ।

 

ਦਰਅਸਲ ਮੰਗਲਵਾਰ ਰਾਤ ਤਰਨ ਤਾਰਨ ਨੇੜਲੇ ਪਿੰਡ ਪੰਡੋਰੀ ਗੋਹਲਾ ਵਿੱਚ ਹੋਈ ਗੈਂਗਵਾਰ ਪਟਿਆਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਅਪਰੇਟ ਕੀਤੀ ਸੀ। ਗੈਂਗਸਟਰ ਦਵਿੰਦਰ ਬੰਬੀਹਾ ਵੱਲੋਂ ਕਿਡਨੈਪ ਕੀਤੇ ਗਏ ਤਿੰਨ ਸਾਥੀਆਂ ਅਕੁਲ ਖੱਤਰੀ, ਦਿਲਬਾਗ ਲੰਮਾ ਪੱਟੀ ਤੇ ਬੱਗਾ ਖਾਨ ਛੁਡਾਉਣ ਲਈ ਜੱਗੀ ਗੈਂਗ ਦੇ ਬੰਦੇ ਬੰਬੀਹਾ ਮਗਰ ਲੱਗੇ ਸਨ।

 

ਗੈਂਗਵਾਰ ਤੋਂ ਬਾਅਦ ਜੱਗੀ ਨੇ ਜੇਲ੍ਹ ਵਿੱਚੋਂ ਹੀ ਫੇਸਬੁੱਕ 'ਤੇ ਪੋਸਟ ਕੀਤਾ ਕਿ ਤਿੰਨ ਦਿਨ ਪਹਿਲਾਂ ਉਸ ਦੇ ਸਾਥੀ ਅਕੁਲ ਖੱਤਰੀ ਨੂੰ ਬੰਬੀਹਾ ਨੇ ਮੇਰਠ ਤੋਂ ਅਗਵਾ ਕਰ ਲਿਆ ਸੀ। ਉਸ ਤੋਂ ਫੋਨ ਕਰਵਾ ਕੇ ਦਿਲਬਾਗ ਤੇ ਬੱਗਾ ਵਾਸੀ ਅੰਮ੍ਰਿਤਸਰ ਨੂੰ ਵੀ ਧੋਖੇ ਨਾਲ ਉਠਾ ਲਿਆ ਸੀ। ਉਸ ਦੇ ਗੈਂਗ ਨੇ ਅਕੁਲ ਨੂੰ ਠੁਡਾ ਲਿਆ ਪਰ ਦਿਲਬਾਗ ਨੂੰ ਨਹੀਂ ਬਚਾ ਸਕੇ। ਬੰਬੀਹਾ ਤੋਂ ਬਦਲਾ ਲਵਾਂਗੇ।

 

ਫੇਸਬੁਕ 'ਤੇ ਇਨ੍ਹਾਂ ਧਮਕੀਆਂ ਤੋਂ ਸਪਸ਼ਟ ਹੈ ਕਿ ਇਹ ਲੜਾਈ ਹੁਣ ਹੋਰ ਵਧੇਗੀ। ਇਨ੍ਹਾਂ ਬਦਮਾਸ਼ਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਸ਼ਰੇਆਮ ਆਪਣੇ ਵਿਰੋਧੀਆਂ ਨੂੰ ਜੇਲ੍ਹਾਂ ਵਿੱਚੋਂ ਬੈਠੇ ਹੀ ਵੰਗਾਰ ਰਹੇ ਹਨ।