ਰੂਪਨਗਰ: ਅਦਾਲਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਕੂਲ ਸਿੱਖਿਆ ਦੀ ਡਿਪਟੀ ਡਾਇਰੈਕਟਰ ਤੇ ਭਾਈ ਨੰਦ ਲਾਲ ਪਬਲਿਕ ਸਕੂਲ ਸ੍ਰੀ ਆਨੰਦਪੁਰ ਸਾਹਿਬ ਦੀ ਪ੍ਰਿੰਸੀਪਲ ਹਰਜੀਤ ਕੌਰ ਤੇ ਉਸ ਦੇ ਪਤੀ ਜਗਜੀਤ ਸਿੰਘ ਨੂੰ ਅਫੀਮ ਬਰਾਮਦਗੀ ਦੇ ਮਾਮਲੇ ਵਿੱਚ ਛੇ-ਛੇ ਮਹੀਨੇ ਕੈਦ ਤੇ 11-11 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।


 

ਕਾਬਲੇਗੌਰ ਹੈ ਕਿ 23 ਜੁਲਾਈ, 2009 ਨੂੰ ਹਰਜੀਤ ਕੌਰ ਆਪਣੇ ਪਤੀ ਨਾਲ ਆਪਣੀ ਕਾਰ ਨੰਬਰ ਪੀਬੀ 08 ਡਬਲਿਊ-2993 ਵਿੱਚ ਜਾ ਰਹੀ ਸੀ ਤਾਂ ਰੂਪਨਗਰ ਸਿਟੀ ਥਾਣੇ ਦੇ ਐਸਐਚਓ ਮਨਵੀਰ ਸਿੰਘ ਬਾਜਵਾ ਨੇ ਨੰਗਲ ਚੌਕ ਵਿੱਚ ਉਨ੍ਹਾਂ ਦੀ ਕਾਰ ਦੀ ਤਲਾਸ਼ੀ ਲਈ ਤਾਂ ਇੱਕ ਕਿਲੋ ਅਫੀਮ ਬਰਾਮਦ ਹੋਈ। ਪੁਲੀਸ ਨੇ ਐਨਡੀਪੀਐਸ ਐਕਟ ਦੀ ਧਾਰਾ 18,61,85 ਤਹਿਤ ਕੇਸ ਦਰਜ ਕਰਕੇ ਜਗਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿ਼ਆ ਸੀ। ਹਰਜੀਤ ਕੌਰ ਦਾ ਨਾਂ ਐਫਆਈਆਰ ਵਿੱਚ ਦਰਜ ਸੀ ਪਰ ਪੁਲੀਸ ਨੇ ਉਸ ਵਿੱਰੁਧ ਅਦਾਲਤ ਵਿੱਚ ਚਲਾਨ ਪੇਸ਼ ਨਹੀਂ ਕੀਤਾ ਸੀ।

 

 

ਇਸ ਮਗਰੋਂ ਸਰਕਾਰੀ ਵਕੀਲ ਨੇ ਅਰਜ਼ੀ ਦਾਇਰ ਕਰਕੇ ਹਰਜੀਤ ਕੌਰ ਨੂੰ ਵੀ ਮੁਲਜ਼ਮ ਬਣਾਉਣ ਦੀ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਅਦਾਲਤ ਨੇ ਹਰਜੀਤ ਕੌਰ ਨੂੰ ਅਦਾਲਤ ਵਿੱਚ ਮੁਲਜ਼ਮ ਦੇ ਵਜੋਂ ਪੇਸ਼ ਹੋਣ ਲਈ ਸੱਦਿਆ ਸੀ। ਵਧੀਕ ਸੈਸ਼ਨ ਜੱਜ ਸੁਨੀਤਾ ਰਾਣੀ ਸ਼ਰਮਾ ਨੇ ਉਪਰੋਕਤ ਫ਼ੈਸਲਾ ਬੁੱਧਵਾਰ ਨੂੰ ਸੁਣਾਇਆ ਹੈ।

 

 

ਹੈਰਾਨੀ ਦੀ ਗੱਲ ਹੈ ਕਿ ਉਸ ਸਮੇਂ ਹਰਜੀਤ ਕੌਰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸ਼੍ਰੋਮਣੀ ਕਮੇਟੀ ਅਧੀਨ ਚਲਦੇ ਭਾਈ ਨੰਦ ਲਾਲ ਸਕੂਲ 'ਚ ਬਤੌਰ ਪ੍ਰਿਸੀਪਲ ਦੇ ਅਹੁਦੇ 'ਤੇ ਤਾਇਨਾਤ ਸੀ ਪਰ ਬਾਅਦ ਵਿੱਚ ਅਚਾਨਕ ਹੀ ਉਸ ਨੂੰ ਸ਼੍ਰੋਮਣੀ ਕਮੇਟੀ ਅਧੀਨ ਚੱਲਦੇ ਸਮੂਹ ਸਕੂਲ ਦੀ ਡਿਪਟੀ ਡਾਇਰੈਕਟਰ ਸਕੂਲ ਸਿੱਖਿਆ ਲਾ ਦਿੱਤਾ ਗਿਆ ਜਦੋਂ ਕਿ ਇਸ ਦੇ ਖਿਲਾਫ ਸੰਗੀਨ ਧਰਾਵਾਂ ਤਹਿਤ ਅਦਾਲਤ 'ਚ ਮੁਕੱਦਮਾ ਚੱਲ ਰਿਹਾ ਸੀ।