ਚੰਡੀਗੜ੍ਹ: ਪੰਜਾਬ ਵਿੱਚ ਗੈਂਗਸਟਰ ਕਲਚਰ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ 'ਚ 'ਗੈਂਗਵਾਰ' ਸ਼ੁਰੂ ਹੋ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਗੈਂਗਸਟਰ ਪਿਛਲੀ ਅਕਾਲੀ ਸਰਕਾਰ ਦੀ ਦੇਣ ਹੈ। ਜਿਵੇਂ ਸੀਵਰੇਜ ਬਣਾ ਕਿ ਸ਼ਹਿਰ ਦੀ ਗੰਦਗੀ ਸਾਫ਼ ਕੀਤੀ ਜਾਵੇਗੀ, ਉਸੇ ਤਰ੍ਹਾਂ ਹੀ ਗੈਂਗਸਟਰਾਂ ਦਾ ਵੀ ਪੰਜਾਬ ਵਿੱਚ ਸਫਾਇਆ ਕੀਤਾ ਜਾਵੇਗਾ।

ਦਰਅਸਲ ਪਿਛਲੇ ਦਿਨੀਂ ਰੈਲੀ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਕਾਂਗਰਸ ਦੇ ਵਿਧਾਇਕ ਦਰਸ਼ਨ ਬਰਾੜ ਨੂੰ ਬੱਚਾ-ਬੱਚਾ ਗੈਂਗਸਟਰ ਵਜੋਂ ਜਾਣਦਾ ਹੈ ਤੇ ਗੈਂਗਸਟਰ ਸੱਭਿਆਚਾਰ ਕਾਂਗਰਸ ਦੀ ਦੇਣ ਹੈ। ਇਸ ਦੇ ਜਵਾਬ ਵਿੱਚ ਜਾਖੜ ਨੇ ਕਿਹਾ ਕਿ ਅਕਾਲੀ ਦਲ ਨੇ ਅੱਤਵਾਦੀਆਂ ਤੋਂ ਲੈ ਕੇ ਗੈਂਗਸਟਰ ਤੱਕ ਨੂੰ ਹਮੇਸ਼ਾ ਪੈਦਾ ਕੀਤਾ ਹੈ ਤੇ ਆਪਣੇ ਸਿਆਸੀ ਮਕਸਦ ਲਈ ਵਰਤਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਇਨ੍ਹਾਂ ਕੁਕਰਮਾਂ ਬਾਰੇ ਸਾਰਾ ਪੰਜਾਬ ਜਾਣਦਾ ਹੈ। ਸਾਨੂੰ ਲੋਕਾਂ ਨੂੰ ਇਹ ਦੱਸਣ ਦੀ ਲੋੜ ਨਹੀਂ।

ਦੂਜੇ ਪਾਸੇ ਅੱਜ ਵਿਧਾਇਕ ਦਰਸ਼ਨ ਬਰਾੜ ਨੇ ਵੀ ਕਿਹਾ ਸੀ ਕਿ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਗਲਤ ਕੰਮਾਂ ਨੂੰ ਉਜਾਗਰ ਕੀਤਾ ਸੀ, ਜਿਸ ਕਰਕੇ ਸੁਖਬੀਰ ਬਾਦਲ ਉਨ੍ਹਾਂ ਖ਼ਿਲਾਫ਼ ਗੈਂਗਸਟਰਜ਼ ਵਾਲੀ ਬਿਆਨਬਾਜ਼ੀ ਕਰ ਰਹੇ ਹਨ।

ਬਰਾੜ ਨੇ ਵੀ ਕਿਹਾ ਸੀ ਕਿ ਅਸਲ ਸੱਚ ਤਾਂ ਇਹ ਹੈ ਸ਼੍ਰੋਮਣੀ ਅਕਾਲੀ ਦਲ ਹੀ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਦਾ ਰਿਹਾ ਹੈ ਤੇ ਇਨ੍ਹਾਂ ਦੇ ਰਾਜ 'ਚ ਹੀ ਵੱਡੇ ਪੱਧਰ 'ਤੇ ਗੈਂਗਸਟਰ ਪੈਦਾ ਹੋਏ। ਉਨ੍ਹਾਂ ਕਿਹਾ ਕਿ ਸੁਖਬੀਰ ਬਾਲ ਪੋਲ ਖੋਲ੍ਹ ਰੈਲੀਆਂ ਇਸ ਕਰਕੇ ਕਰ ਰਹੇ ਹਨ ਕਿ ਅਕਾਲੀ ਦਲ ਦੀ ਪੋਲ ਪੂਰੀ ਤਰ੍ਹਾਂ ਖੁੱਲ੍ਹ ਚੁੱਕੀ ਹੈ।