ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਿੰਡ ਪੱਧਰ ‘ਤੇ ਕੋਰ ਬੈਂਕਿੰਗ ਸੇਵਾਵਾਂ ਮੁਹੱਈਆ ਕਰਨ ਲਈ ਪਿੰਡਾਂ ਵਿੱਚ ਸਥਿਤ 3535 ਪ੍ਰਾਇਮਰੀ ਖੇਤੀ ਸਹਿਕਾਰੀ ਸੁਸਾਇਟੀਆਂ ਤੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਵਿੱਚ ਮਾਈਕ੍ਰੋ ਏ.ਟੀ.ਐਮ ਲਾਉਣ ਦਾ ਫੈਸਲਾ ਕੀਤਾ ਹੈ।

ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ, ਸਹਿਕਾਰਤਾ ਡੀ.ਪੀ. ਰੈਡੀ ਨੇ ਦੱਸਿਆ ਕਿ ਪਿੰਡਾਂ ਤੱਕ ਡਿਜ਼ੀਟਲ ਲੈਣ-ਦੇਣ ਦੀ ਸਹੂਲਤ ਪ੍ਰਦਾਨ ਕਰਨ ਲਈ ਨਾਬਾਰਡ ਨੇ ਸਹਿਕਾਰੀ ਵਿਭਾਗ ਵੱਲੋਂ ਇਸ ਸਬੰਧੀ ਭੇਜੀ ਤਜਵੀਜ਼ ਨੂੰ ਪ੍ਰਵਾਨ ਕਰਦਿਆਂ 4545 ਮਾਈਕ੍ਰੋ ਏ.ਟੀ.ਐਮ ਡਿਵਾਈਸਾਂ ‘ਤੇ ਆਉਣ ਵਾਲੇ ਖਰਚੇ ਦਾ 90% ਹਿੱਸਾ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਨਾਲ ਰਾਜ ਦੇ 20 ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਪਹਿਲਾਂ ਹੀ ਦੇਸ਼ ਦੇ ਮੋਹਰੀ ਸਹਿਕਾਰੀ ਅਦਾਰੇ ਬਣ ਚੁੱਕੇ ਹਨ ਜਿਨ੍ਹਾਂ ਵਿੱਚ ਏ.ਟੀ.ਐਮ, ਪੀ.ਓ.ਐਸ/ਈ-ਕਾਮਰਸ ਸੇਵਾਵਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ।

ਰੈਡੀ ਨੇ ਕਿਹਾ ਕਿ ਇਨ੍ਹਾਂ ਉਪਰਕਨਾਂ ਰਾਹੀਂ ਆਮ ਲੋਕਾਂ ਨੂੰ ਬੈਂਕ ਖਾਤਿਆਂ ‘ਚ ਬਕਾਇਆ ਦੀ ਪੜਤਾਲ, ਨਕਦੀ ਜ਼ਮਾਂ ਕਰਨ ਜਾਂ ਕਢਵਾਉਣ, ਪੈਸੇ ਭੇਜਣ ਤੇ ਪ੍ਰਾਪਤ ਕਰਨ ਵਰਗੀਆਂ ਸਹੂਲਤਾਂ ਮਿਲਣਗੀਆਂ। ਜੋ ਹਿੱਸੇਦਾਰ ਕਿਸਾਨ ਕ੍ਰੈਡਿਟ ਕਾਰਡ (ਕੇ.ਸੀ.ਸੀ) ਨੂੰ ਆਪਣੇ ਮੰਤਵ ਲਈ ਹੋਰ ਬੈਂਕਾਂ ਦੇ ਏ.ਟੀ.ਐਮ. ਦੀ ਵਰਤੋਂ ਕਰ ਰਹੇ ਹਨ, ਉਹ ਹੁਣ ਪਿੰਡਾਂ ਵਿਚ ਸਹਿਕਾਰੀ ਸਭਾਵਾਂ ‘ਤੇ ਇਨ੍ਹਾਂ ਮਾਈਕ੍ਰੋ ਏ.ਟੀ.ਐਮ. ਦੀ ਵਰਤੋਂ ਕਰ ਸਕਣਗੇ ਤੇ ਦੂਜੇ ਬੈਂਕਾਂ ਨੂੰ ਅੰਤਰ ਬੈਂਕ ਟਰਾਂਸਪੋਰਟੇਬਲ ਲਾਗਤ ਅਦਾ ਕਰਨ ਤੋਂ ਬਚ ਸਕਣਗੇ।