ਪਟਿਆਲਾ: ਸਾਬਕਾ ਫ਼ੌਜ ਮੁਖੀ ਜਨਰਲ (ਸੇਵਾਮੁਕਤ) ਜੇਜੇ ਸਿੰਘ ਆਪਣੇ ਸਿਆਸੀ ਕਰੀਅਰ ਦੀ ਅਗਲੀ ਪਾਰੀ ਖੇਡਣ ਦੇ ਦਾਅ ਵਿੱਚ ਹਨ। ਸਾਲ 2017 'ਚ ਅਕਾਲੀ ਦਲ ਦੀ ਟਿਕਟ ਤੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਪਟਿਆਲਾ ਤੋਂ ਵਿਧਾਨ ਸਭਾ ਚੋਣ ਲੜਨ ਤੇ ਹਾਰਨ ਵਾਲੇ ਜੇਜੇ ਸਿੰਘ ਹੁਣ ਪੰਜਾਬ 'ਚ ਬਣਨ ਵਾਲੇ ਤੀਜੇ ਫਰੰਟ ਵੱਲ ਝਾਕ ਰਹੇ ਹਨ।
ਵੀਰਵਾਰ ਨੂੰ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨਾਲ ਜਨਤਕ ਮੰਚ 'ਤੇ ਬੈਠੇ ਜੇਜੇ ਸਿੰਘ ਨੇ ਨਵੀਂ ਸਿਆਸੀ ਪਾਰੀ ਸ਼ੁਰੂ ਕਰਨ ਦੀ ਆਸ ਜਤਾਈ ਹੈ। ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਹੈ ਕਿ 2017 ਦੀਆਂ ਚੋਣਾਂ ਮਗਰੋਂ ਇਹ ਉਨ੍ਹਾਂ ਦੀ ਦੂਜੀ ਪਾਰੀ ਹੈ ਜੋ ਇਤਿਹਾਸਕ ਹੋਵੇਗੀ।
ਅਕਾਲੀ ਦਲ ਦਾ ਸਾਥ ਛੱਡਣ ਮਗਰੋਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਮੰਚ 'ਤੇ ਇਕੱਠੀਆਂ ਹੋ ਰਹੀਆਂ ਪੰਜਾਬੀ ਏਕਤਾ ਪਾਰਟੀ, ਡਾ. ਧਰਮਵੀਰ ਗਾਂਧੀ ਧੜਾ, ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਬਸਪਾ ਤੇ ਲੋਕ ਇਨਸਾਫ ਪਾਰਟੀ ਤੋਂ ਇਲਾਵਾ ਜੇਜੇ ਸਿੰਘ ਪੰਜਾਬ ਦੀਆਂ ਪ੍ਰਮੁੱਖ ਹਸਤੀਆਂ ਨੂੰ ਲੈਕੇ ਛੇਵੇਂ ਧੜੇ ਵਜੋਂ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਹਮਖ਼ਿਆਲੀਆਂ ਨਾਲ ਗੱਲਬਾਤ ਉੱਚ ਪੱਧਰ 'ਤੇ ਜਾਰੀ ਹੈ ਤੇ ਗਠਜੋੜ ਦਾ ਰਸਮੀ ਐਲਾਨ ਸਹੀ ਸਮਾਂ ਆਉਣ 'ਤੇ ਕਰ ਦਿੱਤਾ ਜਾਵੇਗਾ।
ਜੇਜੇ ਸਿੰਘ ਨੇ ਕਿਹਾ ਕਿ ਉਹ ਕਿਹੜੀ ਸੀਟ ਤੋਂ ਲੜਨਗੇ ਇਹ ਹਾਲੇ ਤੈਅ ਨਹੀਂ, ਉਨ੍ਹਾਂ ਕਿਹਾ ਕਿ ਉਹ ਗਠਜੋੜ ਵਿੱਚ ਸ਼ਾਮਲ ਹੋਣ ਵਾਲੀਆਂ ਧਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਸੀਟ ਤੈਅ ਕਰਨਗੇ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਹਨ ਤੇ ਰਿਵਾਇਤੀ ਅਕਾਲੀ ਦਲ ਤੇ ਕਾਂਗਰਸ ਪਾਰਟੀਆਂ ਦੇ ਵਿਰੋਧ ਵਿੱਚ ਪੰਜਾਬ ਵਿੱਚ ਵੱਡਾ ਗਠਜੋੜ ਹੋਣ ਦੀ ਸੰਭਾਵਨਾ ਹੈ।