ਚੰਡੀਗੜ੍ਹ: ਸਾਬਕਾ ਫੌਜ ਮੁਖੀ ਜਨਰਲ ਜੋਗਿੰਦਰ ਜਸਵੰਤ ਸਿੰਘ ਚਾਹੇ ਚੋਣ ਮੈਦਾਨ ਵਿੱਚੋਂ ਬਾਹਰ ਹੋ ਗਏ ਹਨ ਪਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਖੂਬ ਵੋਟਾਂ ਪੈ ਰਹੀਆਂ। ਖਡੂਰ ਸਾਹਿਬ ਸੀਟ ਤੋਂ ਪੀਡੀਏ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਮਾਇਤ ਵਿੱਚ ਪਿੱਛੇ ਹਟਣ ਕਰਕੇ ਜਨਰਲ ਜੇਜੇ ਸਿੰਘ ਦੀ ਕਾਫੀ ਤਾਰੀਫ ਹੋ ਰਹੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਜਨਰਲ ਜੇਜੇ ਸਿੰਘ ਡਰ ਕੇ ਮੈਦਾਨ ਵਿੱਚੋਂ ਹਟੇ ਹਨ।


ਇਸ ਬਾਰੇ ਜਨਰਲ ਜੇਜੇ ਸਿੰਘ ਨੇ ਆਖਿਆ ਹੈ ਕਿ ਉਹ ਮੈਦਾਨ ਵਿੱਚੋਂ ਭੱਜੇ ਨਹੀਂ ਸਗੋਂ ਤੀਜੇ ਮੋਰਚੇ ਦੀ ਮਜ਼ਬੂਤੀ ਲਈ ਆਪਣੀ ਸੀਟ ਛੱਡੀ ਹੈ। ਉਨ੍ਹਾਂ ਕਿਹਾ ਹੈ ਕਿ ਪੀਡੀਏ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਉਣ ਲਈ ਉਨ੍ਹਾਂ ਖਡੂਰ ਸਾਹਿਬ ਸੀਟ ਤੋਂ ਆਪਣੀ ਦਾਅਵੇਦਾਰੀ ਛੱਡੀ ਹੈ। ਉਨ੍ਹਾਂ ਕਿਹਾ ਕਿ ਤੀਜੇ ਮੋਰਚੇ ਦਾ ਮਕਸਦ ਕਾਂਗਰਸ ਤੇ ਅਕਾਲੀ ਦਲ ਨੂੰ ਹਰਾਉਣਾ ਹੈ।

ਇਸ ਦੇ ਨਾਲ ਹੀ ਪੰਜਾਬ ਵਿੱਚ ਹੋਰ ਸੀਟਾਂ 'ਤੇ ਵੀ ਹਮਖਿਆਲੀ ਧਿਰਾਂ ਵਿਚਾਲੇ ਇੱਕਜੁਟਤਾ ਦੀ ਮੁੜ ਗੱਲ ਤੁਰ ਪਈ ਹੈ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਕਾਂਗਰਸ ਤੇ ਅਕਾਲੀ ਦਲ-ਬੀਜੇਪੀ ਗੱਠਜੋੜ ਨੂੰ ਹਰਾਉਣ ਲਈ ਪੰਜਾਬ ਵਿੱਚ ਸਾਰੀਆਂ ਸੀਟਾਂ ’ਤੇ ਸਿਰਫ਼ ਇੱਕ ਹੀ ਉਮੀਦਵਾਰ ਦੀ ਹਮਾਇਤ ਕਰਨ ਦਾ ਨਿਰਣਾ ਲਿਆ ਜਾਵੇ। ਖਹਿਰਾ ਨੇ ਅੱਜ ਸੋਸ਼ਲ ਮੀਡੀਆ ’ਤੇ ਆਪਣੀ ਵੀਡੀਓ ਅਪਲੋਡ ਕਰਕੇ ਕਿਹਾ ਕਿ ਟਕਸਾਲੀਆਂ ਨੇ ਬੀਬੀ ਖਾਲੜਾ ਨੂੰ ਹਮਾਇਤ ਦੇ ਕੇ ਫਰਾਖ਼ਦਿਲੀ ਦਿਖਾਈ ਹੈ।

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਵੀ ਸੁਖਪਾਲ ਖਹਿਰਾ ਨੂੰ ਅਪੀਲ ਕੀਤੀ ਕਿ ਹੁਣ ਉਹ ਵੀ ਫਰਾਖ਼ਦਿਲੀ ਦਿਖਾਉਂਦੇ ਹੋਏ ਪੰਜਾਬ ਭਰ ਵਿੱਚ ਟਕਸਾਲੀ ਦਲ ਦੇ ਮੁਕਾਬਲੇ ਆਪਣਾ ਕੋਈ ਉਮੀਦਵਾਰ ਖੜ੍ਹਾ ਨਾ ਕਰਨ। ਉਨ੍ਹਾਂ ਕਿਹਾ ਕਿ ਟਕਸਾਲੀ ਦਲ, ਪੰਜਾਬ ਏਕਤਾ ਪਾਰਟੀ ਸਮੇਤ ਸਾਰੀਆਂ ਹਮਖ਼ਿਆਲੀ ਪਾਰਟੀਆਂ ਨੂੰ ਪੰਜਾਬ ਵਿੱਚ ਤੀਜਾ ਫਰੰਟ ਬਣਾਉਣ ਲਈ ਨਵੇਂ ਸਿਰਿਓਂ ਸਾਂਝੇ ਉਪਰਾਲੇ ਕਰਨੇ ਚਾਹੀਦੇ ਹਨ।