ਚੰਡੀਗੜ੍ਹ: ਜਲੰਧਰ ਦੇ ਪਾਦਰੀ ਐਂਥਨੀ ਮੈਡਾਸਰੀ ਦੇ 6.66 ਕਰੋੜ ਰੁਪਏ ਗੁੰਮ ਹੋਣ ਦੇ ਮਾਮਲੇ ’ਚ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਚਰਚਾ ਹੈ ਕਿ ਇਹ ਰਕਮ ਲੈ ਕੇ ਫਰਾਰ ਹੋਏ ਦੋ ਥਾਣੇਦਾਰਾਂ ਦੀ ਗ੍ਰਿਫਤਾਰੀ ਨਾਲ ਹੋਰ ਰਾਜ਼ ਖੁੱਲਣਗੇ। ਪੁਲਿਸ ਨੇ ਪੈਸੇ ‘ਗਾਇਬ’ ਕਰਨ ਦੇ ਇਲਜ਼ਾਮ ਹੇਠ ਦੋ ਥਾਣੇਦਾਰਾਂ ਜੋਗਿੰਦਰ ਸਿੰਘ, ਰਾਜਪ੍ਰੀਤ ਸਿੰਘ ਤੇ ਸੁਰਿੰਦਰ ਪਾਲ ਸਿੰਘ ਨਾਮੀ ਵਿਅਕਤੀ ਵਿਰੁੱਧ ਪਰਚਾ ਦਰਜ ਕਰ ਲਿਆ ਹੈ। ਇਹ ਲੋਕ ਦੇਸ਼ ਤੋਂ ਬਾਹਰ ਨਾ ਭੱਜ ਜਾਣ ਇਸ ਲਈ ਪੁਲਿਸ ਨੇ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਹੈ।

ਉਧਰ, ਪਾਦਰੀ ਦੇ ਪੈਸੇ ਗਾਇਬ ਕਰਨ ਦੇ ਮਾਮਲੇ ਵਿੱਚ 10 ਅਫ਼ਸਰਾਂ ਤੇ ਕੁਝ ਹੋ ਲੋਕਾਂ ਦੀ ਸ਼ਮੂਲੀਅਤ ਵੀ ਮੰਨੀ ਜਾ ਰਹੀ ਹੈ। ਥਾਣੇਦਾਰਾਂ ਦੀ ਗ੍ਰਿਫ਼ਤਾਰੀ ਨਾਲ ਹੋਰ ਚਿਹਰਿਆਂ ਦੇ ਬੇਨਕਾਬ ਹੋਣ ਦੀ ਉਮੀਦ ਹੈ। ਇਸ ਮਾਮਲੇ ਵਿੱਚ ਚੋਣ ਕਮਿਸ਼ਨ ਵੀ ਹਰਕਤ ’ਚ ਆ ਗਿਆ ਹੈ। ਕਮਿਸਨ ਨੇ ਸੂਬਾ ਪੁਲਿਸ ਤੋਂ ਰਿਪੋਰਟ ਮੰਗਣ ਦਾ ਫ਼ੈਸਲਾ ਲਿਆ ਹੈ ਤੇ ਇਹ ਅੱਗੇ ਦਿੱਲੀ ਭੇਜੀ ਜਾਵੇਗੀ।ਚੋਣ ਕਮਿਸ਼ਨ ਦੀ ਸਰਗਰਮੀ ਮਗਰੋਂ ਪੰਜਾਬ ਪੁਲਿਸ ਆਪਣੇ ਦੋ ਥਾਣੇਦਾਰਾਂ ਜੋਗਿੰਦਰ ਸਿੰਘ, ਰਾਜਪ੍ਰੀਤ ਸਿੰਘ ਤੇ ਸੁਰਿੰਦਰ ਪਾਲ ਸਿੰਘ ਨੂੰ ਲੱਭਣ ਵਿੱਚ ਜੁੱਟ ਗਈ ਹੈ।

ਪੁਲਿਸ ਨੇ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਤਿੰਨਾਂ ਦੀਆਂ ਫੋਟੋਆਂ ਭੇਜੀਆਂ ਗਈਆਂ ਹਨ। ਗੁਆਂਢੀ ਸੂਬਿਆਂ ਦੀ ਪੁਲਿਸ ਨੂੰ ਵੀ ਪੱਤਰ ਲਿਖਿਆ ਗਿਆ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾ ਦਿੱਤੀ ਹੈ ਪਰ ਜਦੋਂ ਤਕ ਇਸ ਮਾਮਲੇ ਵਿੱਚ ਨਾਮਜ਼ਦ ਦੋਵੇਂ ਥਾਣੇਦਾਰਾਂ ਤੇ ਤੀਜੇ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤਕ ‘ਸਿੱਟ’ ਦੇ ਪੱਲੇ ਕੱਖ ਵੀ ਪੈਣ ਦੀ ਸੰਭਾਵਨਾ ਨਹੀਂ।

ਮੰਨਿਆ ਜਾ ਰਿਹਾ ਹੈ ਕਿ ਖੰਨਾ ਪੁਲਿਸ ਨੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੇ ਬਹਾਨੇ ਸਥਾਨਕ ਪੁਲਿਸ ਨੂੰ ਦੱਸੇ ਬਿਨਾਂ ਜਲੰਧਰ ’ਚ ਗ਼ੈਰਕਾਨੂੰਨੀ ਢੰਗ ਨਾਲ ਛਾਪਾ ਮਾਰਿਆ ਤੇ ਬਾਅਦ ’ਚ ਨਾਕੇ ਤੋਂ ਅਣਐਲਾਨੀ ਨਗਦੀ ਫੜਨ ਦਾ ਦਾਅਵਾ ਕੀਤਾ ਗਿਆ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਦਾ ਕਹਿਣਾ ਹੈ ਕਿ ਉਹ ਪਹਿਲਾਂ ਵਿਸ਼ੇਸ਼ ਜਾਂਚ ਟੀਮ (ਸਿਟ) ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਸਨ ਪਰ ਇਸ ਦੇ ਮੁਕੰਮਲ ਹੋਣ ’ਚ ਅਜੇ ਸਮਾਂ ਲੱਗਣਾ ਹੈ ਜਿਸ ਕਰਕੇ ਪੂਰੇ ਮਾਮਲੇ ’ਤੇ ਚੋਣ ਕਮਿਸ਼ਨ ਨੇ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜ਼ਰੂਰ ਕੁਝ ਕੋਤਾਹੀਆਂ ਹੋਈਆਂ ਹਨ ਕਿਉਂਕਿ ਮੋਟੀ ਰਕਮ ਗੁੰਮ ਹੈ।