ਜਥੇਦਾਰ ਆਰ.ਐਸ.ਐਸ. ਨਾਲ ਗੱਲਬਾਤ ਲਈ ਤਿਆਰ
ਏਬੀਪੀ ਸਾਂਝਾ | 31 Oct 2017 02:27 PM (IST)

ਚੰਡੀਗੜ੍ਹ: ਰਾਸ਼ਟਰੀ ਸਵੈਮਸੇਵਕ ਸੰਘ ਦੀ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਮੁੜ ਚਰਚਾ ਵਿੱਚ ਹੈ। ਇਸ ਸੰਗਠਨ ਵੱਲੋਂ 25 ਅਕਤੂਬਰ ਨੂੰ ਦਿੱਲੀ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਾਇਆ ਗਿਆ ਸੀ ਜਿਸ ਦਾ ਸ੍ਰੀ ਅਕਾਲ ਤਖ਼ਤ ਸਹਿਬ ਤੋਂ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ। ਇਸ ਮਗਰੋਂ ਆਰਐਸਐਸ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਗੱਲਬਾਤ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਵਿਦਵਾਨਾਂ ਵੱਲੋਂ ਕੁਝ ਸਵਾਲ ਤਿਆਰ ਕੀਤੇ ਗਏ ਹਨ। ਆਰਐਸਐਸ ਜੇਕਰ ਇਨ੍ਹਾਂ ਸਵਾਲਾਂ ਦਾ ਤਸੱਲੀਬਖਸ਼ ਜਵਾਬ ਦੇ ਦੇਵੇ ਤਾਂ ਗੱਲਬਾਤ ਅੱਗੇ ਤੋਰੀ ਜਾ ਸਕਦੀ ਹੈ। ਇਨ੍ਹਾਂ ਸਵਾਲਾਂ ਸਭ ਤੋਂ ਅਹਿਮ ਸਿੱਖ ਕੌਮ ਦੀ ਵਿਲੱਖਣਤਾ ਨਾਲ ਜੁੜਿਆ ਹੋਇਆ ਹੈ। ਸੰਘ ਪਰਿਵਾਰ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਮੰਨਦਾ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਰਾਸ਼ਟਰੀ ਸਿੱਖ ਸੰਗਤ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਆਧਾਰ ’ਤੇ ਸਿੱਖ ਵਿਦਵਾਨਾਂ ਦੀ ਕਮੇਟੀ ਵੱਲੋਂ ਕੁਝ ਸਵਾਲ ਤਿਆਰ ਕੀਤੇ ਗਏ ਹਨ, ਜਿਨ੍ਹਾਂ ’ਚ ਆਰਐਸਐਸ ਵੱਲੋਂ ਕੱਢੇ ਗਏ ਨਗਰ ਕੀਰਤਨ, ਸਿੱਖ ਸਿਧਾਂਤਾਂ, ਸਿੱਖ ਧਰਮ, ਸਿੱਖਾਂ ਦੇ ਵੱਖਰੀ ਕੌਮ ਹੋਣ ਬਾਰੇ ਸਵਾਲ ਸ਼ਾਮਲ ਹਨ। ਜੇਕਰ ਆਰਐਸਐਸ ਆਗੂ ਇੱਥੇ ਆ ਕੇ ਇਨ੍ਹਾਂ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੰਦੇ ਹਨ ਤਾਂ ਗੱਲਬਾਤ ਅੱਗੇ ਤੋਰੀ ਜਾ ਸਕਦੀ ਹੈ।