ਅੰਮ੍ਰਿਤਸਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਪਾਕਿਸਤਾਨ ਨੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੀਂਹ ਪੱਥਰ ਸਬੰਧੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸੱਦਾ ਭੇਜਿਆ ਹੈ। ਗਿਆਨੀ ਹਰਪ੍ਰੀਤ ਨੇ ਖ਼ੁਦ ਇਸ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਉਹ 28 ਨਵੰਬਰ ਨੂੰ ਪਾਕਿਸਤਾਨ ਜਾਣ ਦੀ ਪੂਰੀ ਕੋਸ਼ਿਸ਼ ਕਰਨਗੇ।

ਅੱਜ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਲਾਂਘਾ ਖੋਲ੍ਹਣ ਦੀ ਪਹਿਲ ਕੀਤੀ ਹੈ, ਇਸ ’ਤੇ ਸਿਆਸਤ ਨਾ ਕੀਤੀ ਜਾਵੇ। ਉਨ੍ਹਾਂ ਲਾਂਘੇ ਸਬੰਧੀ ਸਿੱਖ ਭਾਈਚਾਰੇ ਨੂੰ ਅੱਗੇ ਆਉਣ ਤੇ ਰਲ਼-ਮਿਲ਼ ਕੇ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ ਵਿੱਚ ਛੇਵੇਂ ਤਖ਼ਤ ਦੀ ਸਥਾਪਨਾ ਨੂੰ ਵੀ ਗਲਤ ਕਰਾਰ ਦਿੱਤਾ।

ਇਸ ਤੋਂ ਇਲਾਵਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ ਜਿਸ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ’ਤੇ ਵਿਚਾਰ ਚਰਚਾ ਕੀਤੀ ਗਈ। ਇਸ ਸਬੰਧੀ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਜੋਆਣਾ ਦੀ ਰਿਹਾਈ ਦੀ ਅਪੀਲ ਨੂੰ 7 ਸਾਲ ਬੀਤ ਚੁੱਕੇ ਹਨ ਪਰ ਅੱਜ ਤਕ ਉਨ੍ਹਾਂ ਦੀ ਰਿਹਾਈ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਹੁਕਮ ਦਿੱਤਾ ਕਿ ਉਹ ਜਲਦ ਹੀ ਭਾਰਤ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀ ਰਿਹਾਈ ਯਕੀਨੀ ਬਣਾਉਣ।