ਚੰਡੀਗੜ੍ਹ: ਪੰਜਾਬ ਵਿੱਚ ਇੱਕ ਵਾਰ ਫਿਰ ਖਾਲਿਸਤਾਨ ਲਹਿਰ ਉੱਠਣ ਦੀ ਚਰਚਾ ਚੱਲ਼ ਹੀ ਹੈ। ਦਿਲਚਸਪ ਗੱਲ਼ ਹੈ ਕਿ ਇਹ ਚਰਚਾ ਭਾਰਤੀ ਫੌਜ ਦੇ ਮੁਖੀ ਬਿਪਨ ਰਾਵਤ, ਕੇਂਦਰੀ ਤੇ ਸੂਬੇ ਦੀਆਂ ਖੁਫੀਆ ਏਜੰਸੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤੀ ਹੈ। ਇਸ ਚਰਚਾ ਵਿੱਚ ਕੇਂਦਰ ਸਰਕਾਰ ਜਿੱਥੇ ਪਾਕਿਸਤਾਨ ਨੂੰ ਨਿਸ਼ਾਨਾ ਬਣਾ ਰਹੀ ਹੈ, ਉੱਥੇ ਸ਼੍ਰੋਮਣੀ ਅਕਾਲੀ ਦਲ ਸੱਤਾਧਿਰ ਕਾਂਗਰਸ ਤੇ ਆਪਣੀਆਂ ਵਿਰੋਧੀ ਪੰਥਕ ਜਥੇਬੰਦੀਆਂ ਦੇ ਬਰਗਾੜੀ ਇਨਸਾਫ਼ ਮੋਰਚੇ ਨੂੰ ਘੇਰ ਰਿਹਾ ਹੈ।

ਮੀਡੀਆ ਪਿਛਲੇ ਕੁਝ ਸਮੇਂ ਵਿੱਚ ਵਾਪਰੀਆਂ ਘਟਨਾਵਾਂ ਨੂੰ ਖਾਲਿਸਤਾਨ ਲਹਿਰ ਦੇ ਉਭਾਰ ਦਾ ਸੰਕੇਤ ਮੰਨ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਬਰਗਾੜੀ ਇਨਸਾਫ਼ ਮੋਰਚਾ ਨੂੰ ਹੱਲ਼ਾਸ਼ੇਰੀ ਦੇ ਰਹੀ ਹੈ। ਬਰਗਾੜੀ ਮੋਰਚਾ ਦੇ ਲੀਡਰ ਨੌਜਵਾਨਾਂ ਨੂੰ ਹਥਿਆਰਾਂ ਵੱਲ਼ ਮੁੜਨ ਲਈ ਪ੍ਰੇਰ ਰਹੇ ਹਨ। ਇਸ ਲਈ ਪੰਜਾਬ ਮੁੜ ਕਾਲੇ ਦੌਰ ਵੱਲ ਧੱਕਿਆ ਜਾ ਰਿਹਾ ਹੈ।

ਦੂਜੇ ਪਾਸੇ ਬਰਗਾੜੀ ਇਨਸਾਫ਼ ਮੋਰਚਾ ਦੇ ਲੀਡਰਾਂ ਦਾ ਕਹਿਣਾ ਹੈ ਕਿ ਉਹ ਖਾਲਿਸਤਾਨ, ਖਾੜਕੂਵਾਦ ਜਾਂ ਅਤਿਵਾਦ ਦੀ ਹਮਾਇਤ ਬਿਲਕੁਲ ਨਹੀਂ ਕਰ ਰਹੇ। ਉਹ ਪੰਜਾਬ ਵਿੱਚ ਅਮਨ-ਕਾਨੂੰਨ ਕਾਇਮ ਰੱਖਣ ਦੇ ਹੱਕ ਵਿੱਚ ਹਨ। ਮੁਤਵਾਜ਼ੀ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਦੀ ਭੂਮਿਕਾ ਬਾਰੇ ਹੁਣ ਕੋਈ ਸ਼ੱਕ ਨਹੀਂ। ਉਨ੍ਹਾਂ ਨੂੰ ਲੋਕ ਰੋਹ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਆਪਣੀ ਨਾਕਾਮੀ ’ਤੇ ਪਰਦਾ ਪਾਉਣ ਲਈ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਮੋਰਚੇ ਦੇ ਆਗੂਆਂ ਨੂੰ ਆਈਐਸਆਈ ਦੇ ਏਜੰਟ ਦੱਸ ਰਹੇ ਹਨ ਤੇ ਸੂਬੇ ਦੇ ਹਾਲਾਤ ਖ਼ਰਾਬ ਕਰਨ ਦਾ ਭਾਂਡਾ ਉਨ੍ਹਾਂ ਸਿਰ ਭੰਨ ਰਹੇ ਹਨ। ਭਾਈ ਮੰਡ ਨੇ ਕਿਹਾ ਕਿ ਇਨਸਾਫ਼ ਲਈ ਲਾਏ ਇਸ ਮੋਰਚੇ ਵਿੱਚ ਧਰਮ ਦੇ ਵਖ਼ਰੇਵਿਆਂ ਤੋਂ ਉੱਪਰ ਉੱਠ ਕੇ ਸਿੱਖਾਂ ਤੋਂ ਇਲਾਵਾ ਹਿੰਦੂ ਤੇ ਮੁਸਲਮਾਨ ਭਾਈਚਾਰਾ ਵੀ ਸ਼ਿਰਕਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਰਚਾ ਸ਼ਾਂਤੀਪੂਰਨ ਢੰਗ ਨਾਲ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਨਾ ਤਾਂ ਕਦੇ ਕੋਈ ਸੜਕ ਰੋਕੀ ਗਈ ਤੇ ਨਾ ਹੀ ‘ਖਾਲਿਸਤਾਨ’ ਦੀ ਗੱਲ ਕੀਤੀ ਗਈ।