ਰਵੀ ਇੰਦਰ ਸਿੰਘ

ਗੁਰਸਾਪੁਰ: ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਲਈ ਵਿਸ਼ੇਸ਼ ਗਲਿਆਰੇ ਦੀ ਉਸਾਰੀ ਦਾ ਨੀਂਹ ਪੱਥਰ ਅੱਜ ਭਾਰਤ ਵੱਲੋਂ ਰੱਖ ਦਿੱਤਾ ਗਿਆ ਹੈ ਤੇ ਪਾਕਿਸਤਾਨ ਇੱਕ ਦਿਨ ਵਕਫ਼ੇ ਬਾਅਦ ਯਾਨੀ 28 ਨਵੰਬਰ ਨੂੰ ਟੱਕ ਲਾ ਕੇ ਲਾਂਘੇ ਦੀ ਉਸਾਰੀ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਗਲਿਆਰੇ ਥਾਣੀਂ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਣਗੇ। ਆਓ ਤੁਹਾਨੂੰ ਦੱਸਦੇ ਹਾਂ ਇਸ ਗਲਿਆਰੇ ਬਾਰੇ ਕੁਝ ਅਹਿਮ ਤੱਥ-

ਕੌਮਾਂਤਰੀ ਸਰਹੱਦਾਂ ਤਕ ਬਣੇਗਾ ਗਲਿਆਰਾ-

ਭਾਰਤ ਤੇ ਪਾਕਿਸਤਾਨ ਆਪੋ ਆਪਣੀ ਜ਼ਮੀਨ 'ਤੇ ਵਿਸ਼ੇਸ਼ ਗਲਿਆਰੇ ਦੀ ਉਸਾਰੀ ਸ਼ੁਰੂ ਕਰਨਗੇ ਤੇ ਕੌਮਾਂਤਰੀ ਸਰਹੱਦ 'ਤੇ ਦੋਵਾਂ ਨੂੰ ਜੋੜਿਆ ਜਾਵੇਗਾ। ਭਾਰਤ ਵਿੱਚ ਤਕਰੀਬਨ ਦੋ ਕਿਲੋਮੀਟਰ ਤੇ ਪਾਕਿਸਤਾਨ ਵਿੱਚ ਤਕਰੀਬਨ ਤਿੰਨ ਕੁ ਕਿਲੋਮੀਟਰ ਤਕ ਲੰਮਾ ਗਲਿਆਰਾ ਉਸਾਰਿਆ ਜਾਵੇਗਾ, ਜਿਸ ਵਿੱਚ ਦੋ ਪੁਲ ਵੀ ਬਣਨੇ ਹਨ। ਇਸ ਪ੍ਰਾਜੈਕਟ ਦੀ ਅੰਦਾਜ਼ਨ ਲਾਗਤ 16 ਕਰੋੜ ਰੁਪਏ ਹੈ। ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਕਿ ਚਾਰ ਮਹੀਨਿਆਂ ਤਕ ਭਾਰਤ ਆਪਣੇ ਵਾਲੇ ਪਾਸੇ ਇਸ ਗਲਿਆਰੇ ਦੀ ਉਸਾਰੀ ਪੂਰੀ ਕਰ ਲਵੇਗਾ।



ਵੀਜ਼ੇ ਦੀ ਲੋੜ ਨਹੀਂ-

ਅੱਜ ਨੀਂਹ ਪੱਥਰ ਰੱਖਣ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਲਾਂਘੇ ਥਾਣੀਂ ਬਗ਼ੈਰ ਪਾਸਪੋਰਟ ਅਤੇ ਵੀਜ਼ਾ ਦੇ ਕੋਈ ਵੀ ਸ਼ਰਧਾਲੂ ਕਰਤਾਰਪੁਰ ਸਾਹਿਬ ਜਾ ਸਕਦਾ ਹੈ ਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮਹਾਨ ਅਸਥਾਨ ਦੇ ਦਰਸ਼ਨ ਕਰ ਸਕਦਾ ਹੈ। ਉਨ੍ਹਾਂ ਵੀਜ਼ੇ ਦੀ ਲੋੜ ਸਬੰਧੀ ਉੱਡ ਰਹੀਆਂ ਅਫ਼ਵਾਹਾਂ ਦਾ ਖੰਡਨ ਕੀਤਾ। ਕੈਪਟਨ ਨੇ ਇਸ ਮੌਕੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਤੋਂ ਡੇਰਾ ਬਾਬਾ ਨਾਨਕ ਵਿਖੇ ਭਾਰਤੀ ਸਰਹੱਦ 'ਤੇ ਗੇਟ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਨੂੰ ਕਰਤਾਰਪੁਰ ਗੇਟ ਦਾ ਨਾਂ ਦਿੱਤਾ ਜਾਵੇ ਤੇ ਇਹ ਕਰਤਾਰਪੁਰ ਸਾਹਿਬ ਗਲਿਆਰੇ ਦੀ ਯਾਦ ਵਿੱਚ ਹੋਵੇਗਾ। ਗਡਕਰੀ ਨੇ ਇਸ ਮੰਗ ਨੂੰ ਤੁਰੰਤ ਪ੍ਰਵਾਨ ਕਰ ਲਿਆ।

ਗਲਿਆਰੇ ਦੇ ਪ੍ਰਬੰਧ ਬਾਰੇ ਕਈ ਫੈਸਲੇ ਹਾਲੇ ਬਾਕੀ-

ਨੀਂਹ ਪੱਥਰ ਰੱਖਣ ਤੋਂ ਬਾਅਦ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਇਸ ਗਲਿਆਰੇ ਦੇ ਪ੍ਰਬੰਧਨ ਲਈ ਰਣਨੀਤੀ ਬਣਾਈ ਜਾਵੇਗੀ ਤੇ ਸੁਰੱਖਿਆ ਤੇ ਗਲਿਆਰੇ ਨੂੰ ਪੱਕੇ ਤਰੀਕੇ ਨਾਲ ਸੀਲ ਕਰਨ ਦਾ ਪ੍ਰਬੰਧ ਵੀ ਯਕੀਨੀ ਬਣਾਇਆ ਜਾਵੇਗਾ। ਹਾਲੇ ਇਹ ਵੀ ਤੈਅ ਕੀਤਾ ਜਾਵੇਗਾ ਕਿ ਭਾਰਤੀ ਸ਼ਰਧਾਲੂ ਕਿੰਨੇ ਸਮੇਂ ਤਕ ਪਾਕਿਸਤਾਨ ਵਿੱਚ ਦਰਸ਼ਨਾਂ ਲਈ ਰੁਕ ਸਕਣਗੇ। ਬੇਸ਼ੱਕ ਇਸ ਗਲਿਆਰੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਲਈ ਵੀਜ਼ਾ ਲੈਣ ਦੀ ਲੋੜ ਨਹੀਂ ਪਰ ਇਹ ਵੀ ਤੈਅ ਕੀਤਾ ਜਾਵੇਗਾ ਕਿ ਕਿਹੜੇ ਪਛਾਣ ਪੱਤਰਾਂ ਨਾਲ ਗੁਆਂਢੀ ਮੁਲਕ ਵਿੱਚ ਦਾਖ਼ਲਾ ਮਿਲੇਗਾ ਜਾਂ ਇਸ ਦੀ ਲੋੜ ਨਹੀਂ ਪਵੇਗੀ, ਇਸ ਦਾ ਫੈਸਲਾ ਵੀ ਹੋਣਾ ਹੈ। ਸਾਲ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਸ ਗਲਿਆਰੇ ਨੂੰ ਸਹੀ ਢੰਗ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ।