ਬਠਿੰਡਾ: ਗਿੱਦੜਬਾਹਾ ਵਾਸੀ ਨੇ ਅੱਜ ਪੁਲਿਸ ਨੂੰ ਭਾਜੜਾਂ ਪਾਈ ਰੱਖੀਆਂ। ਦਰਅਸਲ ਇੱਕ ਵਿਅਕਤੀ ਹੱਥ 'ਚ ਪੈਟਰੋਲ ਦੀ ਭਰੀ ਬੋਤਲ ਨਾਲ ਲੈ ਕੇ ਸਟਰੀਟ ਲਾਈਟ ਦੇ ਖੰਬੇ 'ਤੇ ਜਾ ਚੜ੍ਹਿਆ। ਇਸ ਵਿਅਕਤੀ ਦਾ ਨਾਮ ਬਲਕਾਰ ਸਿੰਘ ਹੈ। ਦਿਲਚਸਪ ਗੱਲ਼ ਹੈ ਕਿ ਉਸ ਨੇ ਦਾਅਵਾ ਕੀਤਾ ਕਿ ਉਹ ਤਾਂ ਦੇਸ਼ ਦੀ ਸੇਵਾ ਕਰ ਰਿਹਾ ਹੈ ਪਰ ਸਰਕਾਰ ਉਸ ਦੀ ਗੱਲ਼ ਮੰਨਣ ਲਈ ਤਿਆਰ ਨਹੀਂ।

ਉਸ ਦਾ ਦਾਅਵਾ ਹੈ ਕਿ ਉਸ ਨੇ ਇੱਕ ਪੈਟਰੋਲ ਦੀ ਅੱਗ ਨੂੰ ਬੁਝਾਉਣ ਵਾਲੇ ਐਸੇ ਫਾਰਮੂਲੇ ਦੀ ਖੋਜ ਕੀਤੀ ਹੈ ਜੋ ਭਾਰਤ ਸਰਕਾਰ ਜਾਂ ਇੰਡੀਅਨ ਆਇਲ ਕਿਸੇ ਕੋਲ ਵੀ ਨਹੀਂ। ਉਸ ਨੇ ਕਿਹਾ ਕਿ ਉਹ ਬਹੁਤ ਜਗ੍ਹਾ ਗਿਆ ਪਰ ਕਿਸੇ ਨੇ ਨਹੀਂ ਸੁਣੀ। ਉਸ ਦੀ ਮੰਗ ਹੈ ਕਿ ਫਾਰਮੂਲੇ ਦੀ ਘੱਟੋ-ਘੱਟ ਪਰਖ ਤਾਂ ਕੀਤੀ ਜਾਵੇ।

ਇਹ ਵਿਅਕਤੀ ਦੁਪਹਿਰੇ ਇੱਕ ਵਜੇ ਤੋਂ ਪੰਜ ਵਜੇ ਤੱਕ ਖੰਬੇ 'ਤੇ ਰਿਹਾ। ਉਸ ਦੀ ਪਤਨੀ ਤੇ ਬੱਚੇ ਵੀ ਇੱਥੇ ਪਹੁੰਚ ਗਏ ਤੇ ਅਖੀਰ ਪੁਲੀਸ ਪ੍ਰਸ਼ਾਸਨ ਨੇ ਇੱਕ ਕਾਗਜ਼ 'ਤੇ ਭਰੋਸਾ ਪੱਤਰ ਲਿਖ ਕੇ ਉਸ ਦੀ ਪਤਨੀ ਨੂੰ ਸੌਪਿਆਂ। ਇਸ 'ਚ ਲਿਖਿਆ ਸੀ ਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ਤੇ ਉਸ ਦੀ ਮਦਦ ਕੀਤੀ ਜਾਵੇਗੀ। ਉਸ ਦੀ ਪਤਨੀ ਨੇ ਫੋਨ 'ਤੇ ਉਸ ਨੂੰ ਇਹ ਭਰੋਸਾ ਪੱਤਰ ਪੜ੍ਹ ਕੇ ਸੁਣਾਇਆ ਤੇ ਅਖੀਰ ਉਹ ਵਿਅਕਤੀ ਖੰਬੇ ਤੋਂ ਉਤਰਿਆ। ਉਸ ਨੇ ਮੀਡੀਆ ਨਾਲ ਗੱਲ ਸ਼ੁਰੂ ਹੀ ਕੀਤੀ ਸੀ ਕਿ ਪੁਲੀਸ ਨੇ ਆ ਦਬੋਚਿਆ ਤੇ ਥਾਣੇ ਲੈ ਗਈ।