ਬਟਾਲਾ: ਸ਼ਹਿਰ ਵਿੱਚ ਸੜਕ ਕੰਢਿਓਂ ਲਾਵਾਰਸ ਹਾਲਤ ਵਿੱਚ ਮਿਲੀ ਨਵਜਨਮੀ ਬੱਚੀ ਮਿਲੀ ਹੈ। ਬੱਚੀ ਦੀ ਹਾਲਤ ਨਾਜ਼ੁਕ ਦੇਖਦਿਆਂ ਬਟਾਲਾ ਸਿਵਲ ਹਸਪਤਾਲ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਪਰ ਬੱਚੀ ਨੂੰ ਗ਼ੈਰਜ਼ਿੰਮੇਵਾਰਾਨਾ ਹਾਲਾਤ ਵਿੱਚ ਛੱਡਣ ਵਾਲੇ ਵਿਅਕਤੀ ਦਾ ਹਾਲੇ ਤਕ ਪਤਾ ਨਹੀਂ ਲੱਗਾ ਹੈ।


ਬੱਚੀ ਦੇ ਗਾਂਧੀ ਚੌਕ ਨੇੜੇ ਸੜਕ ਕੰਢੇ ਮੌਜੂਦ ਹੋਣ ਦਾ ਪਤਾ ਲੱਗਾ ਜਦ ਉੱਥੋਂ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਕੁਝ ਨੌਜਵਾਨਾਂ ਨੇ ਉਸ ਦੇ ਰੋਣ ਦੀ ਆਵਾਜ ਸੁਣੀ। ਨੌਜਵਾਨਾਂ ਨੇ ਬੱਚੀ ਨੂੰ ਚੁੱਕ ਕੇ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ। ਬੱਚੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਹਸਪਤਾਲ ਇਲਾਜ ਲਈ ਭੇਜਿਆ ਗਿਆ ਹੈ।

ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੀਵ ਭੱਲਾ ਅਤੇ ਚਾਇਲਡ ਪ੍ਰੋਟੈਕਸ਼ਨ ਅਫ਼ਸਰ ਪਰਮਜੀਤ ਕੌਰ ਨੇ ਹੈਰਾਨ ਪ੍ਰਗਟ ਕੀਤੀ ਕਿ ਇੰਨੀ ਛੋਟੀ ਬੱਚੀ ਨੂੰ ਸੜਕ ਕੰਢੇ ਇਸ ਤਰ੍ਹਾਂ ਕੌਣ ਛੱਡ ਗਿਆ। ਉਨ੍ਹਾਂ ਦੱਸਿਆ ਕਿ ਬੱਚੀ ਦੀ ਮੈਡੀਕਲ ਜਾਂਚ ਤੋਂ ਬਾਅਦ ਉਸ ਦਾ ਇਲਾਜ ਸ਼ੁਰੂ ਕੀਤਾ। ਪਰ ਬੱਚੀ ਦੀ ਸਿਹਤ ਕਾਫੀ ਖ਼ਰਾਬ ਸੀ ਤਾਂ ਹਸਪਤਾਲ ਪ੍ਰਸ਼ਾਸ਼ਨ ਨੇ ਬੱਚੀ ਨੂੰ ਅੰਮ੍ਰਿਤਸਰ ਇਲਾਜ ਲਈ ਭੇਜ ਦਿੱਤਾ ਸੀ।