ਗਗਨਦੀਪ ਸ਼ਰਮਾ


ਅੰਮ੍ਰਿਤਸਰ: ਸ਼ਹਿਰ ਵਿੱਚ ਆਈਆਈਐਮ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਜਿਸ ਦਾ ਨੀਂਹ ਪੱਥਰ ਰੱਖੇ ਨੂੰ ਅੱਜ ਦੋ ਸਾਲ ਹੋ ਚੁੱਕੇ ਹਨ, ਪਰ ਇਸ ਦਾ ਕੰਮ ਸਿਰਫ਼ ਅਲਾਟ ਹੋਈ ਜ਼ਮੀਨ ਦੀ ਚਾਰਦੀਵਾਰੀ ਕਰਨ ਤਕ ਹੀ ਸੀਮਤ ਰਹਿ ਗਿਆ ਹੈ। ਇਸ ਤੋਂ ਅੱਗੇ ਇੱਕ ਫੀਸਦੀ ਵੀ ਕੰਮ ਨਹੀਂ ਹੋ ਸਕੀ। ਆਈਆਈਐਮ 'ਚ ਵਿਦਿਆਰਥੀਆਂ ਦਾ ਚੌਥਾ ਬੈਚ ਚੱਲ ਰਿਹਾ ਹੈ, ਪਰ ਇਨ੍ਹਾਂ ਨੂੰ ਕਿਸੇ ਹੋਰ ਥਾਂ 'ਤੇ ਪੜ੍ਹਾਇਆ ਜਾ ਰਿਹਾ ਹੈ। ਜਦਕਿ, ਕੌਮੀ ਸੰਸਥਾ ਨੂੰ ਅਲਾਟ ਹੋਈ ਥਾਂ ਦੀ ਸਿਰਫ਼ ਚਾਰਦਿਵਾਰੀ ਹੀ ਪੂਰੀ ਹੋਈ ਹੈ।

ਭਾਰਤ ਦੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਾਲ 2014 ਵਿੱਚ ਜਦੋਂ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜੀ ਤਾਂ ਉਨ੍ਹਾਂ ਨੇ ਵਾਅਦਾ ਕੀਤਾ ਕਿ ਅੰਮ੍ਰਿਤਸਰ ਨੂੰ ਵੱਧ ਤੋਂ ਵੱਧ ਸਹੂਲਤਾਂ ਕੌਮੀ ਪੱਧਰ ਦੀਆਂ ਦੇਣਗੇ। ਜੇਤਲੀ ਚੋਣ ਹਾਰ ਪਰ ਉਨ੍ਹਾਂ ਦੇਸ਼ ਦਾ 15ਵਾਂ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅੰਮ੍ਰਿਤਸਰ ਵਿਖੇ ਸਥਾਪਤ ਕਰਨ ਦਾ ਐਲਾਨ ਕਰ ਦਿੱਤਾ। ਆਈਆਈਐਮ ਦਾ ਨੀਂਹ ਪੱਥਰ ਰੱਖਿਆਂ ਨੂੰ ਵੀ ਦੋ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਇਸ ਦਾ ਉਸਾਰੀ ਚਾਰਦੀਵਾਰੀ ਤੋਂ ਅੱਗੇ ਨਹੀਂ ਵੱਧ ਸਕੀ।

ਅੰਮ੍ਰਿਤਸਰ ਦੇ ਇੰਡੀਅਨ ਇੰਸਟੀਚਿਊਟ ਮੈਨੇਜਮੈਂਟ ਵਿੱਚ ਇਸ ਸਮੇਂ ਵਿਦਿਆਰਥੀਆਂ ਦਾ ਚੌਥਾ ਬੈਚ ਚੱਲ ਰਿਹਾ ਹੈ। ਇਸ ਦੇ ਤਕਰੀਬਨ 200 ਵਿਦਿਆਰਥੀ ਆਰਜ਼ੀ ਤੌਰ 'ਤੇ ਪੌਲੀਟੈਕਨੀਕਲ ਕਾਲਜ ਅੰਮ੍ਰਿਤਸਰ ਵਿੱਚ ਆਪਣੀਆਂ ਕਲਾਸਾਂ ਲਗਾ ਰਹੇ ਹਨ। ਆਈਆਈਐੱਮ ਦੇ ਕੰਮ ਦੀ ਰਫ਼ਤਾਰ ਦਾ ਇਸ ਗੱਲ ਤੋਂ ਪਤਾ ਲਾਇਆ ਸਕਦਾ ਹੈ ਕਿ ਦੋ ਸਾਲ ਗੁਜ਼ਰਨ ਦੇ ਬਾਵਜੂਦ ਹਾਲੇ ਤਕ ਇਸ ਦੇ ਡਾਇਰੈਕਟਰ ਦੀ ਨਿਯੁਕਤੀ ਵੀ ਨਹੀਂ ਹੋਈ। ਆਈਆਈਐਮ ਦਾ ਸਾਰਾ ਕੰਮਕਾਜ ਇੱਕ ਨੋਡਲ ਅਧਿਕਾਰੀ ਦੇਖ ਰਿਹਾ ਹੈ, ਜੋ ਅੰਮ੍ਰਿਤਸਰ ਵਿੱਚ ਘੱਟ ਹੀ ਦਿਖਾਈ ਦਿੰਦੇ ਹਨ।

ਏਬੀਪੀ ਸਾਂਝਾ ਦੀ ਟੀਮ ਨੇ ਇਸ ਸਬੰਧੀ ਆਈਆਈਐੱਮ ਨੂੰ ਅਲਾਟ ਹੋਈ ਮਾਨਾਂਵਾਲਾ ਨੇੜੇ ਥਾਂ ਦਾ ਦੌਰਾ ਤਾਂ ਸਾਫ਼ ਪਤਾ ਲੱਗਾ ਕਿ ਪੰਜਾਬ ਤੇ ਭਾਰਤ ਸਰਕਾਰ ਦਰਮਿਆਨ ਤਾਲਮੇਲ ਕਿੰਨਾ ਕੁ ਹੈ। 800 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਉੱਪਰ ਹਾਲੇ ਸਿਰਫ ਚਾਰ ਕੁ ਕਰੋੜ ਰੁਪਿਆ ਹੀ ਖ਼ਰਚ ਕੀਤਾ ਗਿਆ ਹੈ।

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਛੇਤੀ ਹੀ ਡਾਇਰੈਕਟਰ ਦੀ ਨਿਯੁਕਤੀ ਵੀ ਹੋਣ ਵਾਲੀ ਹੈ ਤੇ ਕਰੀਬ ਚਾਲੀ ਕਰੋੜ ਰੁਪਏ ਆਈਆਈਐਮ ਦੇ ਖਾਤੇ ਵਿੱਚ ਹਨ। ਜੋਸ਼ੀ ਨੇ ਮੰਨਿਆ ਕਿ ਕੰਮ ਵਿੱਚ ਥੋੜ੍ਹੀ ਦੇਰੀ ਹੋਈ ਹੈ ਪਰ ਭਾਰਤ ਸਰਕਾਰ ਇਸ ਨੂੰ ਪੂਰਾ ਕਰਵਾਉਣ ਵਿੱਚ ਪੂਰੀ ਤਰ੍ਹਾਂ ਵਚਨਬੱਧ ਹੈ। ਉੱਧਰ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਉਹ ਚਾਹੁੰਦੇ ਹਨ ਇਹ ਪ੍ਰੋਜੈਕਟ ਛੇਤੀ ਤੋਂ ਛੇਤੀ ਮੁਕੰਮਲ ਹੋਵੇ।

ਇਸ ਢਿੱਲ ਤੋਂ ਇੱਕ ਗੱਲ ਸਾਫ਼ ਹੈ ਕਿ ਭਾਵੇਂ ਅੰਮ੍ਰਿਤਸਰ ਦਾ ਆਈਆਈਐਮ ਹੋਵੇ ਜਾਂ ਬਠਿੰਡਾ ਦਾ ਏਮਜ਼ ਹਸਪਤਾਲ, ਸਰਕਾਰਾਂ ਦੀ ਆਪਸੀ ਖਹਿਬਾਜ਼ੀ ਕਾਰਨ ਆਮ ਲੋਕਾਂ ਦਾ ਵੱਡਾ ਨੁਕਸਾਨ ਹੁੰਦਾ ਹੈ।