ਡਾਂਸ ਅਕੈਡਮੀ ’ਚ ਕਰੰਟ ਲੱਗਣ ਨਾਲ ਦੋ ਲੜਕੀਆਂ ਝੁਲਸੀਆਂ, ਇੱਕ ਦੀ ਮੌਤ
ਏਬੀਪੀ ਸਾਂਝਾ | 20 Jul 2018 10:09 AM (IST)
ਲੁਧਿਆਣਾ- ਬੀਤੀ ਦੇਰ ਸ਼ਾਮ ਸ਼ਹਿਰ ਦੇ ਨਿਊ ਜਨਤਾ ਨਗਰ ਇਲਾਕੇ ਵਿੱਚ ਫਰੈਗਨੈਂਸ ਡਾਂਸ ਇੰਸਟੀਚਿਊਟ ਨਾਂ ਦੀ ਇੱਕ ਨਿੱਜੀ ਡਾਂਸ ਅਕੈਡਮੀ ਦੀਆਂ ਦੋ ਵਿਦਿਆਰਥਣਾਂ ਅਕੈਡਮੀ ਦੇ ਕੋਲੋਂ ਦੀ ਲੰਘ ਰਹੀ ਬਿਜਲੀ ਦੀ ਤਾਰ ਦੀ ਚਪੇਟ ਵਿੱਚ ਆ ਗਈਆਂ। ਇਨ੍ਹਾਂ ਵਿੱਚ ਇੱਕ ਲੜਕੀ ਇਸ਼ਮੀਤ ਕੋਰ ਦੀ ਮੌਤ ਹੋ ਗਈ ਜਦਕਿ ਉਸ ਦੀ ਸਹੇਲੀ ਵੈਭਵੀ (11) ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮ੍ਰਿਤਕ ਇਸ਼ਮੀਤ ਤੇ ਵੈਭਵੀ ਅਕੈਡਮੀ ਦੀ ਛੱਤ ’ਤੇ ਟਾਇਲਟ ਲਈ ਗਈਆਂ ਸੀ। ਪਰ ਪਤਾ ਨਹੀਂ ਕਿਵੇਂ ਉਹ ਦੋਵੇਂ ਛੱਤ ਦੇ ਕੋਲੋਂ ਦੀ ਗੁਜ਼ਰ ਰਹੀ ਬਿਜਲੀ ਦੀ ਤਾਰ ਦੀ ਚਪੇਟ ਵਿੱਚ ਆ ਗਈਆਂ। ਸੋਸ਼ਲ ਮੀਡੀਆ ’ਤੇ ਇਸ ਹਾਦਸੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੜਕੀ ਬਿਜਲੀ ਦੀ ਤਾਰ ਦੀ ਚਪੇਟ ਵਿੱਚ ਆ ਜਾਣ ਕਰਕੇ ਬੁਰੀ ਤਰ੍ਹਾਂ ਝੁਲਸ ਗਈ। ਇਸ ਦੇ ਬਾਅਦ ਦੋਵਾਂ ਲੜਕੀਆਂ ਨੂੰ ਲੁਧਿਆਣਾ ਦੇ ਡੀਐਮਸੀ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਡਾਕਟਰਾਂ ਇਸ਼ਮੀਤ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਵੈਭਵੀ ਦਾ ਹਾਲੇ ਇਲਾਜ ਚੱਲ ਰਿਹਾ ਹੈ। ਫਿਲਹਾਲ ਉਹ ਖਤਰੇ ਤੋਂ ਬਾਹਰ ਹੈ। ਪੁਲਿਸ ਮੁਤਾਬਕ ਮ੍ਰਿਤਕ ਇਸ਼ਮੀਤ ਦੇ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਇੰਸਟੀਚਿਊਟ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਪਿਆਂ ਨੇ ਇਲਜ਼ਾਮ ਲਾਇਆ ਹੈ ਕਿ ਬਿਜਲੀ ਦੀ ਤਾਰ ਨੂੰ ਇੰਸਟੀਚਿਊਟ ਦੀ ਇਮਾਰਤ ਕੋਲੋਂ ਦੂਰ ਕਿਉਂ ਨਹੀਂ ਕਰਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਹਾਦਸਾ ਇੰਸਟੀਚਿਊਟ ਦਾ ਲਾਪਰਵਾਹੀ ਕਾਰਨ ਵਾਪਰਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ।