ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੁੜੀਆਂ ਦੇ ਹੋਸਟਲਾਂ ਦੇ ਬੰਦ ਹੋਣ ਦਾ ਸਮਾਂ ਵਧਾਉਣ ਸਮੇਤ ਹੋਰ ਮਸਲਿਆਂ ਦੇ ਹੱਲ ਲਈ ਸ਼ੁਰੂ ਕੀਤਾ ਸੰਘਰਸ਼ ਸ਼ੁੱਕਰਵਾਰ ਨੂੰ ਖ਼ਤਮ ਹੋ ਗਿਆ ਹੈ। ਹੁਣ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿਣ ਵਾਲੀਆਂ ਵਿਦਿਆਰਥਣਾਂ ਸ਼ਾਮ 8 ਵਜੇ ਦੀ ਬਜਾਇ 9 ਵਜੇ ਤਕ ਆ ਸਕਦੀਆਂ ਹਨ।

ਹੁਣ ਹੋਸਟਲ ਦੀਆਂ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਕਿਤਾਬ ਘਰ (ਲਾਇਬ੍ਰੇਰੀ) ਜਾਣ ਵਾਸਤੇ ਸ਼ਾਮ 9 ਵਜੇ ਤੇ ਵਾਪਸ ਆਉਣ ਲਈ ਰਾਤ 11 ਵਜੇ ਬੱਸ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਰਜਿਸਟਰਾਰ ਡਾ. ਐੱਮ.ਐੱਸ. ਨਿੱਝਰ ਨੇ ਦੱਸਿਆ ਕਿ ਦੋਹਾਂ ਵਿਦਿਆਰਥੀ ਧਿਰਾਂ ਦੀ ਸਹਿਮਤੀ ਮਗਰੋਂ ਮਸਲਾ ਹੱਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ 9 ਅਕਤੂਬਰ ਨੂੰ ਵਾਪਰੀ ਹਿੰਸਕ ਘਟਨਾ ਦੀ ਜਾਂਚ ਵੀ 18 ਸਤੰਬਰ ਵਾਲੀ ਘਟਨਾ ਲਈ ਪਹਿਲਾਂ ਤੋਂ ਗਠਿਤ ਤਿੰਨ ਮੈਂਬਰੀ ਕਮੇਟੀ ਨੂੰ ਸੌਂਪੀ ਗਈ ਹੈ, ਜੋ ਇੱਕ ਮਹੀਨੇ ਵਿੱਚ ਆਪਣੀ ਰਿਪੋਰਟ ਦੇਵੇਗੀ।

ਦੱਸਣਯੋਗ ਹੈ ਕਿ ਵਿਦਿਆਰਥੀ ਜਥੇਬੰਦੀ ਡੀਐੱਸਓ ਵੱਲੋਂ ਇਹ ਅੰਦੋਲਨ 18 ਸਤੰਬਰ ਨੂੰ ਉਪ ਕੁਲਪਤੀ ਦਫ਼ਤਰ ਅੱਗੇ ਅਰੰਭਿਆ ਗਿਆ ਸੀ। ਉਪਰੰਤ ਪੰਜ ਹੋਰ ਵਿਦਿਆਰਥੀ ਧਿਰਾਂ ਧਰਨੇ ਵਿੱਚ ਸ਼ਾਮਲ ਹੋ ਗਈਆਂ ਸਨ। ਕੁਝ ਵਿਦਿਆਰਥੀਆਂ ਨੇ ਮਰਨ ਵਰਤ ਵੀ ਆਰੰਭੀ ਰੱਖਿਆ। ਇਸ ਦੌਰਾਨ ਭਾਵੇਂ ਕਿ ਯੂਨੀਵਰਸਿਟੀ ਕੈਂਪਸ ਵਿੱਚ ਵਿਦਿਆਰਥੀ ਧਿਰਾਂ ਵਿਚਾਲੇ ਝਗੜੇ ਵੀ ਹੋਏ ਪਰ ਇਸ ਦੇ ਬਾਵਜੂਦ ਡੀਐੱਸਓ ਪੱਖੀ ਵਿਦਿਆਰਥੀ ਅੰਦੋਲਨ ਲਈ ਬਜ਼ਿੱਦ ਸਨ।