ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਹੋਰ ਵੀ ਡੂੰਘਾ ਹੋ ਗਿਆ ਹੈ। ਪਾਰਟੀ ਤੋਂ ਸੀਨੀਅਰ ਲੀਡਰਾਂ ਦੀ ਨਾਰਾਜ਼ਗੀ ਦੇ ਸੁਰ ਪੰਜਾਬ ਤੋਂ ਦਿੱਲੀ ਤਕ ਪਹੁੰਚ ਗਏ ਹਨ। ਜੀਕੇ ਨੇ ਅਕਾਲੀ ਦਲ ਨਾਲ ਸੁਖਦੇਵ ਸਿੰਘ ਢੀਂਡਸਾ ਵਾਲੀ ਪੈੜ ਤੇ ਚੱਲਦਿਆਂ ਅਹੁਦਾ ਛੱਡ ਦਿੱਤਾ ਹੈ। ਫਿਲਹਾਲ ਉਨ੍ਹਾਂ ਪਾਰਟੀ ਜਾਂ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੱਤਾ।
ਜੀ.ਕੇ. ਦੀ ਗ਼ੈਰਹਾਜ਼ਰੀ ਵਿੱਚ ਗੁਰੂ ਘਰਾਂ ਦੇ ਪ੍ਰਬੰਧਨ ਤੇ ਦਫ਼ਤਰੀ ਕੰਮਕਾਜ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਐਚ.ਐਸ. ਕਾਲਕਾ ਸੰਭਾਲ ਰਹੇ ਹਨ। ਜੀ.ਕੇ. ਪੰਜ ਅਕਤੂਬਰ ਤੋਂ ਦਫ਼ਤਰ ਨਹੀਂ ਆ ਰਹੇ। ਸੂਤਰਾਂ ਮੁਤਾਬਕ ਪਾਰਟੀ ਦੀਆਂ ਨੀਤੀਆਂ ਇਹ ਮੱਤਭੇਦ ਉੱਭਰੇ ਹਨ। ਜੀਕੇ ਅਕਾਲੀ ਦਲ ਦਾ ਵੱਡਾ ਚਿਹਰਾ ਹਨ।
ਅਮਰੀਕਾ ਦੇ ਯੂਬਾ ਸਿਟੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਜੀ.ਕੇ. ਦੀ ਕੁੱਟਮਾਰ ਤੋਂ ਬਾਅਦ ਬੇਅਦਬੀਆਂ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ‘ਤੇ ਉਨ੍ਹਾਂ ਪਾਰਟੀ ਨਾਲੋਂ ਆਪਣਾ ਵੱਖਰਾ ਸਟੈਂਡ ਰੱਖਿਆ ਸੀ। ਜੀ.ਕੇ. ਨੂੰ ਕੁਝ ਦਿਨ ਪਹਿਲਾਂ ਆਖਰੀ ਵਾਰ ਹਰਸਿਮਰਤ ਬਾਦਲ ਨਾਲ ਹਜ਼ੂਰ ਸਾਹਿਬ, ਨਾਂਦੇੜ ਵਿਖੇ ਦੇਖਿਆ ਗਿਆ ਸੀ। ਉੱਥੇ ਵੀ ਲੋਕਾਂ ਵੱਲੋਂ ਕੀਤੇ ਵਿਰੋਧ ਦਾ ਵੀਡੀਓ ਵਾਇਰਲ ਹੋਇਆ ਸੀ।
ਉੱਧਰ, ਪੰਜਾਬ ‘ਚ ਐਤਵਾਰ ਨੂੰ ਕੋਟਕਪੂਰਾ-ਬਰਗਾੜੀ ਰੋਸ ਮਾਰਚ ‘ਚ ਆਪ ਮੁਹਾਰੇ ਹੋਏ ਇਕੱਠ ਤੋਂ ਪਤਾ ਲੱਗਾ ਹੈ ਕਿ ਲੋਕਾਂ ਦੇ ਮਨਾਂ ‘ਚ ਹਾਲੇ ਵੀ ਪਿਛਲੀ ਸਰਕਾਰ ਪ੍ਰਤੀ ਰੋਸ ਬਰਕਰਾਰ ਹੈ। ਇੱਧਰ, ਦਿੱਲੀ ‘ਚ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਜੀ.ਕੇ. ਦੇ ਅਜਿਹੇ ਵਤੀਰੇ ਨਾਲ ਪਾਰਟੀ ਦਾ ਸੰਕਟ ਹੋਰ ਵੀ ਗੰਭੀਰ ਹੋ ਗਿਆ ਹੈ।