ਪਟਿਆਲਾ: ਮਹਿੰਗਾਈ ਦੇ ਦੌਰ ਵਿੱਚ ਹਰ ਬੰਦਾ ਆਮਦਨ ਵਿੱਚ ਵਾਧੇ ਦੀ ਉਮੀਦ ਕਰਦਾ ਹੈ ਪਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਤਨਖ਼ਾਹ ਵਧਾਉਣ ਦੀ ਬਜਾਏ ਉਸਦਾ ਚੌਥਾ ਹਿੱਸਾ ਦੇਣ ਦਾ ਐਲਾਨ ਕਰ ਦਿੱਤਾ। ਇਸ ਸਬੰਧੀ ਪੀੜਤ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।

ਪੰਜਾਬ ਸਰਕਾਰ ਪੰਜਾਬ ਦੇ ਨੌਂ ਹਜ਼ਾਰਾਂ ਦੇ ਕਰੀਬ ਅਧਿਆਪਕਾਂ ਦੀ ਤਨਖਾਹ ਵਿੱਚੋਂ 75 ਫੀਸਦੀ ਕਟੌਤੀ ਕਰਨ ਜਾ ਰਹੀ, ਜਿਸ ਦੇ ਬਾਅਦ 40 ਤੋਂ 50 ਹਜ਼ਾਰ ਤਨਖਾਹ ਲੈਣ ਵਾਲੇ ਅਧਿਆਪਕਾਂ ਦੀ ਤਨਖਾਹ ਕੇਵਲ 15 ਹਜ਼ਾਰ ਰੁਪਏ ਬਚ ਜਾਂਦੀ ਹੈ। ਇਸ ਦੇ ਵਿਰੋਧ ਵਿੱਚ ਅਧਿਆਪਕਾਂ ਨੇ ‘ਸਾਂਝਾ ਅਧਿਆਪਕ ਮੋਰਚਾ’ ਨਾਂ ਦੇ ਬੈਨਰ ਹੇਠ 26 ਜੱਥੇਬੰਦੀਆ ਦੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਹਨ।

ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੀ ਆਮਦਨ ਦੇ ਹਿਸਾਬ ਨਾਲ ਖ਼ਰਚੇ ਤੈਅ ਕੀਤੇ ਹੁੰਦੇ ਹਨ। ਹਰ ਅਧਿਆਪਕ ਦੇ ਕਿਸੇ ਨਾ ਕਿਸੇ ਕਰਜ਼ੇ ਦੀ ਕਿਸ਼ਤ ਚੱਲਦੀ ਹੈ, ਪਰ ਸਰਕਾਰ ਦਾ ਤਨਖਾਹਾਂ ਵਧਾਉਣ ਦੀ ਬਜਾਏ ਮੌਜੂਦਾ ਤਨਖ਼ਾਹਾਂ ਵਿੱਚੋਂ ਵੀ 75 ਫੀਸਦੀ ਕਟੌਤੀ ਕਰ ਦੇਣ ਦੇ ਫੈਸਲੇ ਨੇ ਉਨ੍ਹਾਂ ਨੂੰ ਵੱਡਾ ਝਟਕਾ ਦਿੱਤਾ ਹੈ। ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖ਼ੇ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਦੇ ਨੇੜੇ ਅਧਿਆਪਕ ਮਰਨ ਵਰਤ ’ਤੇ ਬੈਠੇ ਹਨ।

ਇਸ ਦੌਰਾਨ ਸਿਰਫ ਅਧਿਆਪਕ ਹੀ ਨਹੀਂ, ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਂ ਬਾਪ ਵੀ ਅਧਿਆਪਕਾਂ ਨਾਲ ਇਸ ਲੜਾਈ ਵਿੱਚ ਕੁੱਦ ਪਏ ਹਨ। ਬੱਚਿਆਂ ਦੇ ਮਾਪਿਆਂ ਨੇ ਚਿੰਤਾ ਪ੍ਰਗਟਾਈ ਕਿ ਖੁਦ ਮਾਨਸਿਕ ਤੇ ਆਰਥਿਕ ਤੌਰ ’ਤੇ ਪ੍ਰੇਸ਼ਾਨ ਅਧਿਆਪਕ ਉਨ੍ਹਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਕਿਵੇਂ ਦੇ ਪਾਉਣਗੇ?