ਬਰਨਾਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਗਿਆਨੀ ਗੁਰਬਚਨ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਮੀਡੀਆ ਸਾਹਮਣੇ ਤਾਂ ਆਏ ਪਰ ਹਰ ਸਵਾਲ ਨੂੰ ਟਾਲ਼ਦੇ ਗਏ। ਲੌਂਗੋਵਾਲ ਨੇ ਇਹ ਤਾਂ ਮੰਨਿਆ ਕਿ ਅਸਤੀਫ਼ਾ ਕਮੇਟੀ ਤਕ ਪਹੁੰਚ ਗਿਆ ਹੈ, ਪਰ ਇਸ ਦੇ ਪ੍ਰਵਾਨ ਕਰਨ ਜਾਂ ਰੱਦ ਕਰਨ ਬਾਰੇ ਫੈਸਲਾ ਕਮੇਟੀ ਦੀ ਮੀਟਿੰਗ ਵਿੱਚ ਲਿਆ ਜਾਵੇਗਾ। ਲੌਂਗੋਵਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੇ ਅਸਤੀਫ਼ੇ ਬਾਰੇ ਸਵਾਲਾਂ ਦਾ ਸਪੱਸ਼ਟ ਜਵਾਬ ਦੇਣ ਦੀ ਬਜਾਏ ਭੱਜਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਕੱਲ੍ਹ ਸ਼ਾਮ ਤਕ ਗਿਆਨੀ ਗੁਰਬਚਨ ਸਿੰਘ ਦੇ ਅਸਤੀਫ਼ਾ ਦੇਣ ਬਾਰੇ ਕੋਈ ਖ਼ਬਰ ਨਹੀਂ ਸੀ ਤੇ ਉਨ੍ਹਾਂ ਨੂੰ ਇਸ ਬਾਰੇ ਰਾਤੀਂ ਪਤਾ ਲੱਗਾ ਹੈ। ਹਾਲਾਂਕਿ, ਐਸਜੀਪੀਸੀ ਦੀ ਪ੍ਰਧਾਨਗੀ ਮੁੜ ਤੋਂ ਮਿਲਣ ਬਾਰੇ ਉਨ੍ਹਾਂ ਕਿਹਾ ਕਿ 13 ਨਵੰਬਰ ਨੂੰ ਪ੍ਰਧਾਨ ਦੀ ਚੋਣ ਹੋ ਰਹੀ ਹੈ ਤੇ ਜੇਕਰ ਪੰਥ ਫੈਸਲਾ ਕਰੇਗਾ ਤਾਂ ਉਹ ਪ੍ਰਧਾਨਗੀ ਦੀ ਸੇਵਾ ਲਈ ਤਿਆਰ ਹਨ। ਨਵੇਂ ਜਥੇਦਾਰ ਦੀ ਚੋਣ ਸਬੰਧੀ ਵੀ ਲੌਂਗੋਵਾਲ ਨੇ ਕੋਈ ਸਪੱਸ਼ਟ ਜਵਾਬ ਨਾ ਦਿੰਦਿਆਂ ਕਿਹਾ ਕਿ ਸਾਡੀ ਅਗਜ਼ੈਕਟਿਵ ਕਮੇਟੀ ਦੀ ਮੀਟਿੰਗ ਵਿੱਚ ਇਸ ਬਾਰੇ ਫ਼ੈਸਲਾ ਹੋਵੇਗਾ। ਲੌਂਗੋਵਾਲ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਥਾਪਣ ਦੇ ਸਵਾਲ ਨੂੰ ਟਾਲ਼ ਗਏ।