ਪਟਿਆਲਾ: ਆਮਦਨ ਕਰ ਵਿਭਾਗ ਨੇ ਇੰਟੈਲੀਜੈਂਸ ਇਨਪੁਟ ਦੇ ਆਧਾਰ 'ਤੇ 10 ਕਿੱਲੋ ਸੋਨਾ ਜ਼ਬਤ ਕੀਤਾ ਹੈ। ਜਿਸ ਵਾਹਨ ਵਿੱਚੋਂ ਇਹ ਬਰਾਮਦਗੀ ਹੋਈ ਹੈ, ਉਹ ਬੈਂਕਾਂ ਵਿੱਚ ਨਕਦੀ ਲਿਜਾਣ ਤੇ ਭੇਜਣ ਲਈ ਵਰਤੀ ਜਾਣ ਵਾਲੀ ਕੈਸ਼ ਵੈਨ ਵਾਂਗ ਸੀ। ਕਰ ਚੋਰਾਂ ਨੇ ਇਸ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕਰਵਾਇਆ ਸੀ। ਸੋਨੇ ਦੀ ਇਸ ਖੇਪ ਦਾ ਮੁੱਲ ਚਾਰ ਕਰੋੜ ਬਣਦੀ ਹੈ।
ਪਟਿਆਲਾ ਆਮਦਨ ਕਰ ਵਿਭਾਗ ਦੀ ਟੀਮ ਨੇ ਖੰਨਾ ਕੋਲ ਇਸ ਕੈਸ਼ ਵੈਨ ਨੂੰ ਰੋਕ ਕੇ ਜਾਂਚ ਕੀਤੀ ਤਾਂ ਇਸ ਸੋਨੇ ਦੇ ਇਸ ਖੋਰਖਧੰਦੇ ਦਾ ਖੁਲਾਸਾ ਹੋਇਆ। ਅਧਿਕਾਰੀਆਂ ਮੁਤਾਬਕ ਵਿਦੇਸ਼ਾਂ ਤੋਂ ਕੁਰੀਅਰ ਰਾਹੀਂ ਸੋਨਾ ਮੰਗਵਾ ਕੇ ਮੁੰਬਈ ਰਾਹੀਂ ਭਾਰਤ ਲਿਆਂਦਾ ਗਿਆ ਤੇ ਅੱਗੇ ਇਸ ਨੂੰ ਹਵਾਈ ਰਸਤੇ ਰਾਹੀਂ ਮੋਹਾਲੀ ਅੱਡੇ 'ਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਸਪਲਾਈ ਕਰਨ ਖਾਤਰ ਉਤਾਰਿਆ ਗਿਆ। ਕਰ ਤੇ ਆਬਕਾਰੀ ਵਿਭਾਗ ਦੇ ਮੋਬਾਈਲ ਵਿੰਗ ਦੇ ਈ.ਟੀ.ਓ. ਸ਼ਲਿੰਦਰ ਸਿੰਘ ਨੇ ਦੱਸਿਆ ਕਿ ਸੋਨਾ ਵਪਾਰੀ ਅਕਸਰ ਹੀ ਮਹਿੰਗੇ ਗਹਿਣਿਆਂ ਦੇ ਬਣਦੇ ਜੀ.ਐੱਸ.ਟੀ. ਬਚਾਉਣ ਲਈ ਚੋਰ ਮੋਰੀਆਂ ਰਾਹੀਂ ਸੋਨੇ ਦੇ ਗਹਿਣਿਆਂ ਦੀ ਡਲਿਵਰੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਤਿੰਨ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।