ਚੰਡੀਗੜ੍ਹ: ਕ੍ਰਿਕਟਰ ਹਰਮਨਦੀਪ ਕੌਰ ਹੁਣ 1 ਮਾਰਚ ਨੂੰ ਪੰਜਾਬ ਪੁਲਿਸ ਦੇ ਡੀਐਸਪੀ ਦਾ ਅਹੁਦਾ ਸੰਭਾਲੇਗੀ। ਹੁਣ ਤੱਕ ਹਰਮਨ ਦੀ ਨਿਯੁਕਤੀ 'ਚ ਲੱਗਿਆ ਅੜਿੱਕਾ ਖ਼ਤਮ ਹੋ ਚੁੱਕਿਆ ਹੈ ਕਿਉਂਕਿ ਰੇਲਵੇ ਵਿਭਾਗ ਨੇ ਨੌਕਰੀ ਛੱਡਣ ਤੋਂ ਪਹਿਲਾਂ 27 ਲੱਖ ਰੁਪਏ ਦਾ ਬਾਂਡ ਭਰਨ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 27 ਲੱਖ ਰੁਪਏ ਦੀ ਸ਼ਰਤ ਹਟਵਾਉਣ ਲਈ ਕਾਫੀ ਜ਼ੋਰ ਲਾਇਆ ਸੀ। ਉਨ੍ਹਾਂ ਕੇਂਦਰੀ ਰੇਲਵੇ ਮੰਤਰੀ ਨੂੰ ਵੀ ਇਸ ਸਬੰਧੀ ਪੱਤਰ ਲਿਖਿਆ ਸੀ।

ਮੁੱਖ ਮੰਤਰੀ ਦੇ ਬੁਲਾਰੇ ਨੇ ਦੱਸਿਆ ਹੈ ਕਿ ਰੇਲਵੇ ਵਿਭਾਗ ਵੱਲੋਂ ਉਨ੍ਹਾਂ ਨੂੰ ਪੱਤਰ ਮਿਲਿਆ ਹੈ ਜਿਸ 'ਚ ਕਿਹਾ ਗਿਆ ਹੈ ਕਿ ਹਰਮਨਜੀਤ ਕੌਰ ਨੂੰ ਬਾਂਡ ਵਾਲੇ 27 ਲੱਖ ਰੁਪਏ ਭਰਨ ਦੀ ਲੋੜ ਨਹੀਂ। ਉਹ ਆਪਣੇ ਅਗਲੇ ਅਹੁਦੇ 'ਤੇ ਜੁਆਇਨ ਕਰ ਸਕਦੇ ਹਨ। ਇਸੇ ਲਈ ਹੁਣ ਹਰਮਨ ਡੀਐਸਪੀ ਵਜੋਂ ਅਹੁਦਾ ਸੰਭਾਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੈ ਕਿ ਮੰਨੀ-ਪ੍ਰਮੰਨੀ ਕ੍ਰਿਕਟਰ ਹੁਣ ਪੰਜਾਬ ਪੁਲਿਸ ਦਾ ਹਿੱਸਾ ਬਣੇਗੀ। ਉਨ੍ਹਾਂ ਕਿਹਾ ਕਿ ਹਰਮਨ 'ਚ ਬਹੁਤ ਆਤਮ ਵਿਸ਼ਵਾਸ਼ ਹੈ ਤੇ ਉਸ ਦੇ ਵਿਭਾਗ 'ਚ ਆਉਣ ਨਾਲ ਵਿਭਾਗ ਨੂੰ ਬਹੁਤ ਫਾਇਦਾ ਹੋਵੇਗਾ।

ਉਨ੍ਹਾਂ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਵਿਭਾਗ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਤੇ ਅਸੀਂ ਤੁਹਾਡੇ ਬਹੁਤ ਬਹੁਤ ਧੰਨਾਵਦੀ ਹਾਂ। ਹਰਮਨਜੀਤ ਕੌਰ ਕ੍ਰਿਕੇਟ ਦੀ ਮੰਨੀ ਪ੍ਰਮੰਨੀ ਖਿਡਾਰੀ ਹੈ ਤੇ ਉਸ ਨੇ ਵਿਸ਼ਵ ਕਿਕੇਟ ਕੱਪ 'ਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਸੀ।